‘ਮੂਲ ਮੰਤਰ’(Basic Understanding)
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀਸੈਭੰ ਗੁਰ ਪ੍ਰਸਾਦਿ॥
‘ਮੂਲ ਮੰਤਰ‘ ਗੁਰੂ ਨਾਨਕ ਦੇ ਫ਼ਲਸਫ਼ੇ ਦਾ ਆਰੰਭ ਹੈ। ਇਹ ਸਿੱਖੀ ਦੇ ਦਰਸ਼ਨ ਦੀ ਪਹਿਲੀ ਝਲਕ ਹੈ। ਇਸ ਦੇ ਕੁੱਝ ਪੱਖਾਂ ਨੂੰ ਸਮਝ ਲੇਣਾਂ ਜਰੂਰੀ ਹੈ। ਅਪਣੇ ਚੇਤਨ ਵਿੱਚ ਗੁਰੂ ਨਾਨਕ ਸਾਹਿਬ ਨੂੰ ਰੱਬੀ ਬਖ਼ਸ਼ੀਸ਼ ਰਾਹੀਂ ਸਭ ਤੋਂ ਪਹਿਲਾਂ ਜੋ ਪ੍ਰਾਪਤ ਹੋਇਆ ਉਹ ਇਹ ਹੀ ਸੀ। ਅਤੇ ਇਸ ਪ੍ਰਾਪਤੀ ਬਾਦ ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ਜੋ ਸਿਧਾਂਤਕ ਤਾਕੀਦ ਸਿੱਖਾਂ ਨੂੰ ਦਿੱਤੀ ਉਹ ਵੀ ਇਸ ਵਿੱਚ ਹੀ ਸੀ। ਮੂਲ ਮੰਤਰ ‘ਮੂਲ‘ (ਪਰਮਾਤਮਾ) ਦਾ ਪ੍ਰਗਟਾਵਾ ਹੈ। ਇਸ ਵਿਚਾਰ ਚਰਚਾ ਵਿੱਚ ਅਸੀਂ ਇਸ ਤੇ ਵਿਚਾਰ ਦਾ ਜਤਨ ਕਰਾਂਗੇ।
‘ਮੂਲ ਮੰਤਰ‘ ਦਾ ਭਾਵਅਰਥ ਕਿਸੇ ਕਰਮਕਾਂਡੀ ਮੰਤਰ ਦਾ ਭਾਵ ਨਹੀਂ ਬਲਕਿ ਇਸ ਦਾ ਅਰਥ ਪਰਮਾਤਮਾ ਅਤੇ ਗੁਰੂ ਪ੍ਰਤੀ ਸਿੱਖੀ ਦੇ ਦਰਸ਼ਨ ਦੀ ‘ਮੂਲ ਮਤਿ‘ (Basic understanding) ਹੈ। ਇਸ ਨੂੰ ਮੰਗਲਾ ਚਰਨ ਵੀ ਕਿਹਾ ਜਾਂਦਾ ਹੈ ਪਰ ਫਿਰ ਵੀ ‘ਮੂਲਮੰਤਰ‘ ਦਾ ਮੂਲ ਭਾਵ ਪਰਮਾਤਮਾ ਪ੍ਰਤੀ ਮੁੱਡਲੀ ਜਾਣਕਾਰੀ ਹੀ (Basic understanding) ਨਿਕਲਦਾ ਹੈ। ਇਸ ਲੇਖ ਵਿੱਚ ਸ਼ਬਦ ਮੂਲ ਮੰਤਰ ਦੇ ਪ੍ਰਯੋਗ ਨੂੰ ਇਸੇ ਸੰਧਰਭ ਵਿੱਚ ਲਿਆ ਜਾਏ। ਮੂਲ ਮੰਤਰ ਵਿੱਚ ਦੋ ਨੁਕਤਿਆਂ ਦਾ ਪ੍ਰਗਟਾਵਾ ਹੈ।
(੧) ਪਰਮਾਤਮਾ ਦਾ ਸਵਰੂਪ (Nature of God)
(੨) ਸਿੱਖੀ ਦੇ ਦਰਸ਼ਨ ਦਾ ਪਹਿਲਾ ਸਿਧਾਂਤ
ਇਸ ਚਰਚਾ ਵਿੱਚ ਅਸੀਂ ਇਨ੍ਹਾਂ ਦੋਹਾਂ ਨੁਕਤਿਆਂ ਨੂੰ ਵੱਖੌ ਵੱਖ ਸਮਝਣ ਦਾ ਜਤਨ ਕਰਾਂ ਗੇ ਤਾਕਿ ਸਮੂਚੇ ਮੂਲਮੰਤਰ ਦੇ ਭਾਵ ਦੇ ਤੱਤ ਦਾ ਵਿਚਾਰ ਕੀਤਾ ਜਾ ਸਕੇ।
(੧) ਪਰਮਾਤਮਾ ਦਾ ਸਵਰੂਪ:- ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਇਸ ਹਿੱਸੇ ਦੇ ਸ਼ਾਬਦਕ ਅਰਥਾਂ ਵਲ ਜਾਂਣ ਤੋਂ ਪਹਿਲਾਂ ਇਸ ਦੇ ਭਾਵ ਨਾਲ ਜੁੜਿਆਂ ਕੁੱਝ ਗੱਲਾਂ ਨੂੰ ਸਮਝਣਾ ਜਰੂਰੀ ਹੈ। ਅਧਿਆਤਮ ਦੇ ਇਤਿਹਾਸ ਵਿੱਚ ਪਹਿਲੀ ਵਾਰ ਪਰਮਾਤਮਾ ਨੂੰ ਕਿਸੇ ਸੰਬੋਧਨ ਦੇ ਬਜਾਏ ਉਸ ਦੇ ਗੁਣ ਰਾਹੀਂ ਗਣਿਤ ਦੇ ਅਧਾਰ (Mathematical Term) ਤੇ ੧ ਨਾਲ ਸੰਬੋਧਿਤ ਕੀਤਾ ਗਿਆ।” ੴ” “ਇਕ ਅਕਾਲ ਪੁਰਖ, ਜੋ ਇਕ-ਰਸ ਵਿਆਪਕ ਹੈ”। ਕਿਉਂਕਿ ਪਰਮਾਤਮਾ ਲਈ ਪ੍ਰਯੇਗ ਕੀਤੇ ਜਾਂਦੇ ਸਮਸਤ ਸਮਕਾਲੀ ਸੰਬੋਧਨ ਮਨੁੱਖਾਂ ਦੇ ਅਪਣੇ ਭਾਸ਼ਾ ਗਿਆਨ ਦੀ ਇਜਾਦ ਸਨ ਜਦ ਕਿ ਸੰਖਿਆ ਰੱਬੀ ਅਧਾਰ ਹੈ। ਇੱਕ (੧) ਦੇ ਅਰਥ ਅਤੇ ਉਸਦੇ ਭਾਵਅਰਥ ਵਿੱਚ ਕੋਈ ਫਰਕ ਨਹੀਂ ਹੁੰਦਾ। ਇਸ ਇੱਕ ਦੇ ਦੋ ਅਰਥ ਨਹੀਂ ਹੋ ਸਕਦੇ। ‘ਇਕ‘ ਦੇ ਸੰਧਰਭ ਤੋਂ ਹੀ ਹਰ ਦੂਜੀ ਸ਼ੈਹ ਪ੍ਰਗਟ ਹੁੰਦੀ ਹੈ। ਹਾਲਾਂਕਿ ਗੁਰੂ ਨਾਨਕ ਨੇ ਬਾਣੀ ਵਿੱਚ ਪਰਮਾਤਮਾ ਲਈ ਕਈ ਪ੍ਰਕਾਰ ਦੇ ਪ੍ਰਚਲਤ ਸੰਬੋਦਨਾਂ ਦਾ ਪ੍ਰਯੋਗ ਕੀਤਾ ਪਰ ਆਰੰਭ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪਰਮਾਤਮਾ ਨੂੰ ਉਸ ਦੇ ਪਹਿਲੇ ਗੁਣ ੧ ਰਾਹੀਂ ਬਿਆਨ ਕੀਤਾ। ਇਸ ‘ਇਕ‘ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਦੇ ਗਿਆਨ ਵਿੱਚ ਉਤਰੇ ਰੱਬ ਦਾ ਕੋਈ ਨਾਮ (ਸੰਬੋਧਨ) ਮਹੱਤਵ ਨਹੀਂ ਸੀ ਰਖਦਾ ਬਲਕਿ ਪਰਮਾਤਮਾ ਦਾ ਉਹ ਸਵਰੂਪ ਮਹੱਤਵ ਰਖਦਾ ਸੀ ਜਿਸਨੂੰ ਕੇਵਲ ਗੁਣਾਂ ਰਾਹੀਂ ਬਿਆਨ ਕੀਤਾ ਜਾਂ ਸਮਝਿਆ ਜਾ ਸਕਦਾ ਸੀ। ਗੁਰੂ ਨਾਨਕ ਨੇ ਪਰਮਾਤਮਾ ਨੂੰ ਕੋਈ ਨਾਮ ਨਹੀਂ ਦਿੱਤਾ ਬਲਕਿ ਵਿਸ਼ਵ ਭਾਈਚਾਰੇ ਨੂੰ ਪਰਮਾਤਮਾ ਦੀ ਸਮਝ ਦਿੱਤੀ। ਇੱਕ ਐਸੀ ਪ੍ਰਮਾਣਿਕ ਸਮਝ ਜਿਸ ਦੇ ਵਿਚੋਂ ਹੀ ਜੀਵਨ ਸਮਝ ਅਤੇ ‘ਜੀਵਨ ਜੁਗਤ‘ ਦੀ ਰਾਹ ਨਿਕਲਦੀ ਹੈ। ਗੁਰੂ ਨਾਨਕ ਜੀ ਦੇ ਚੇਤਨ ਵਿੱਚ ਉਤਰਿਆ ਰੱਬ ਕਰਤਾ ਹੋਂਣ ਕਾਰਣ ਕੇਵਲ ਅਪਣੀ ਸਰਬ ਵਿਆਪਕਤਾ ਰਾਹੀਂ ਹੀ ਪਛਾਂਣਿਆ ਜਾ ਸਕਦਾ ਸੀ ਅਤੇ ਮਨੁੱਖਾ ਜੀਵਨ ਇਸ ਸਰਬ ਵਿਆਪਕਤਾ ਦਾ ਉਹਪੜਾਵ ਜਾਂ ਅਵਸਰ ਸੀ ਜਿਸ ਵਿੱਚ ਪਰਮਾਤਮਾ ਨੂੰ ਵਿਚਾਰਰਣ ਲਈ ਜੀਵਨ ਅਤੇ ਉਸ ਦੇ ਵਾਤਾਵਰਣ ਨੂੰ ਵਿਚਾਰਨਾ ਜਰੂਰੀ ਸੀ। ਪਰਮਾਤਮਾ ਦੀ ਸਮਝ ਮਨੁੱਖ ਲਈ ਪਰਮਾਤਮਾ ਦੇ ਸਵਰੂਪ ਤੋਂ ਹਟਕੇ ਸਮਝਣ ਦੀ ਵਿਸ਼ਾ ਨਹੀਂ। ਪਰਮਾਤਮਾ ਦੀ ਸਮਝ ਉਸ ਦੀ ਨਿਰਾਕਾਰ ਤੋਂ ਉਸਦੇ ਕ੍ਰਿਤ ਸਮਸਤ ਰੂਪਾਂ ਤਕ ਦੀ ਗਲ ਹੈ। ਪਰਮਾਤਮਾ ਸਰਵਉੱਚ ਹੈ। ਉਹ ਅਲਗ ਨਹੀਂ ਸਰਵ ਵਿਆਪਕ ਹੈ।ਇਹ ਗਹਿਰੀ ਗਲ ਹੈ।
ਅਕਸਰ ਸਿੱਖ ਫ਼ਲਸਫ਼ੇ ਵਿੱਚ ਦਰਸਾਏ ਸਿੱਖੀ-ਸਿਧਾਂਤਾਂ ਦੀ ਵਿਆਖਿਆ ਕਰਦੇ ਹੋਏ ਮੂਲਮੰਤਰ ਦੇ ਇਸ ਪਹਿਲੇ ਭਾਗ ਨੂੰ ਸਿੱਖ ਸਿਧਾਂਤਾਂ ਦੇ ਤੋਰ ਤੇ ਬਿਆਨ ਕੀਤਾ ਜਾਂਦਾ ਹੈ ਜੋ ਕਿ ਇੱਕ ਢੁੱਕਵੀਂ ਗਲ ਨਹੀਂ
ਮੂਲਮੰਤਰ ਦਾ ਇਹ ਪਹਿਲਾ ਹਿੱਸਾ ਪਰਮਾਤਮਾ ਦਾ ਪਰਿਚੈ ਹੈ। ਇਸ ਪਰੀਚੈ ਨੂੰ ਸਮਝਣ ਵਿੱਚ ਕੁੱਝ ਸਾਵਧਾਨੀ ਦੀ ਲੋੜ ਹੈ। ਪਹਿਲੀ ਗਲ ਤਾਂ ਇਹ ਕਿ ਇਹ ਪਰੀਚੈ ਸਿੱਖ ਫ਼ਲਸਫ਼ੇ ਦਾ ਸਿਧਾਂਤ ਨਹੀਂ। ਇਹ ਪਰਮਾਤਮਾ ਦਾ ਆਪਣਾ ਸਿਧਾਂਤ ਹੈ। ਇਹ ਸਿੱਖੀ ਦੇ ਦਰਸ਼ਨ ਦੀ ਮਾਨਤਾ ਹੈ ਕਿ ਪਰਮਾਤਮਾ ਆਪਣੇ ਸਿਧਾਂਤਾਂ ਦੇ ਚਲਦੇ ਹੋਏ ‘ਵੈਸਾ‘ ਹੈ ਜੈਸਾ ਕਿ ਗੁਰੂ ਨਾਨਕ ਨੇ ਸਾਨੂੰ ਮੂਲ ਮੰਤਰ ਰਾਹੀਂ ਦੱਸਿਆ ਹੈ। ਪਰਮਾਤਮਾ ਦੇ ਸਿਧਾਂਤ ਉਸ ਦੇ ਆਪਣੇ ਹਨ। ਮੂਲ ਮੰਤਰ ਦੇ ਇਹ ਸ਼ਬਦ ਈਸ਼ਵਰ ਦੇ ਆਪਣੇ ਸਿਧਾਂਤ ਨੂੰ ਅਤੇ ਸਾਡੀ ਮਾਨਤਾ ਨੂੰ ਦਰਸਾਉਂਦੇ ਹਨ।
ਉਦਾਹਰਣ ਵਜੋਂ ਨਿਊਟਨ ਨੇ Law of Motion ਪੇਸ਼ ਕੀਤਾ। ਇਹ ਉਸ ਦੀ ਖੋਜ ਸੀ ਨਾ ਕਿ ਉਸ ਦਾ ਆਪਣਾ Law ਜਾਂ ਸਿਧਾਂਤ। ਸਿਧਾਂਤ ਤਾਂMotion ਦਾ ਹੈ ਨਿਊਟਨ ਦਾ ਨਹੀਂ। ਠੀਕ ਇਸੇ ਤਰ੍ਹਾਂ ਈਸ਼ਵਰ ਦਾ ਪਰੀਚੈ (ਮੂਲ਼ ਮੰਤਰ ਸੈਭੰ ਤਕ) ਗੁਰੂ ਨਾਨਕ ਦੀ ਅਧਿਆਤਮਿਕ ਪ੍ਰਾਪਤੀ ਹੈ ਨਾ ਕਿ ਨਾਨਕ ਦਾ ਸਿਧਾਂਤ। ਇਸ ਲਈ ਮੂਲ ਰੂਪ ਵਿੱਚ ਮੂਲ ਮੰਤਰ ਵਿੱਚ ਪਰਮਾਤਮਾ ਦੇ ਸੱਚੇ ਪਰੀਚੈ ਦੀ ਪ੍ਰਾਪਤੀ ਗੁਰੂ ਨਾਨਕ ਨਾਲ ਸਬੰਧਿਤ ਹੈ ਅਤੇ ਸਿਧਾਂਤ ਜਾਂ ਗੁਣ ਪਰਮਾਤਮਾ ਦਾ ਹੈ।
ਪਹਿਲੇ ਅਸੀਂ ਮੂਲਮੰਤਰ ਦੇ ਇਸ ਹਿੱਸੇ ਦੇ ਅਰਥ-ਭਾਵਅਰਥ ਦੀ ਵਿਚਾਰ ਕਰੀਏ। ਇਸ ਦੇ ਅਰਥ ਕੀਤੇ ਗਏ ਹਨ:-
“ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ‘ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ” (ਪ੍ਰੋ. ਸਾਹਿਬ ਸਿੰਘ ਜੀ)
ਪ੍ਰੋ. ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਕਰਨ ਦਾ ਇੱਕ ਮਹਾਨ ਉਪਰਾਲਾ ਕੀਤਾ ਸੀ। ਉਨ੍ਹਾਂ ਦੇ ਕੀਤੇ ਇਸ ਉਪਰਾਲੇ ਦੇ ਸਦਕੇ ਗੁਰਬਾਣੀ ਨੇ ਨਵੇਂ ਸਿਰੇ ਤੋਂ ਨਵੀਂ ਪੀੜੀ ਦਿਆਂ ਮਾਨਸਕ ਪੱਧਰਾਂ ਨੂੰ ਮੁੱਤਾਸਿਰ ਕੀਤਾ ਸੀ। ਅਜ ਵੀ ਪ੍ਰੋ. ਸ਼ਾਹਿਬ ਸਿੰਘ ਜੀ ਦੀ ਮਿਹਨਤ ਬਾਣੀ ਪਾਠ (Lesson) ਸਮਝਣ ਦਾ ਇੱਕ ਵੱਡਾ ਵਸੀਲਾ ਹੈ ਜਿਸ ਤੋਂ ਅਗੇ ਚਲ ਕੇ ਅਸੀਂ ਗੁਰਬਾਣੀ ਦੇ ਭਾਵਅਰਥਾਂ ਨੂੰ ਹੋਰ ਡੂੰਗੇ ਸਮਝਣ ਦਾ ਜਤਨ ਕਰ ਸਕਦੇ ਹਾਂ। ਉਨ੍ਹਾਂ ਦਾ ਕੰਮ ਗੁਰਬਾਣੀ ਭਾਵਅਰਥਾਂ ਨੂੰ ਸਮਝਣ ਦੀ ਰਾਹ ਪੱਧਰੀ ਕਰਦਾ ਹੈ।
ਧਿਆਨ ਨਾਲ ਸਮਝਣ ਤੇ ਪਤਾ ਚਲਦਾ ਹੈ ਕਿ ਮੂਲ ਮੰਤਰ ਵਿੱਚ ਗੁਰੂ ਨਾਨਕ ਦੂਆਰਾ ਪਰਮਾਤਮਾ ਦੇ ਵਿਸ਼ੇਸ਼ ਨਾਮ ਦੀ ਵਰਤੋਂ ਤੋਂ ਪਰਹੇਜ਼ ਕਾਰਣ ‘ਸਤਿਨਾਮ‘ ਦਾ ਭਾਵ ਅਰਥ ‘ਸਚੇ ਗੁਣਾਂ ਦੀ ਹੋਂਦ ਵਾਲਾ‘ ਬਣਦਾ ਹੈ ਨਾ ਕਿ ‘ਜਿਸ ਦਾ ਨਾਮ ਹੋਂਦ ਵਾਲਾ ਹੈ‘। ‘ਨਾਮ‘ ਦਾ ਅਰਥ ਨਾਮ (Name) ਕਰਕੇ ਕਰਨਾ ਢੁੱਕਵਾਂ ਨਹੀਂ। ਕਿਉਂਕਿ ਗੁਰੂ ਨਾਨਕ ਲਈ ਪਰਮਾਤਮਾ ਵਾਸਤੇ ਕੋਈ ਸੰਬੋਧਨ ਮਾਇਨੇ ਨਹੀ ਰੱਖਦਾ। ਇਸ ਦਾ ਇੱਕ ਕਾਰਣ ਹੈ। ਇਸ ਵਿੱਚ ਸ਼ਕ ਨਹੀਂ ਕਿ ਮਨੁੱਖਾਂ ਨੇ ਅਪਣੇ ਵਿਕਾਸ ਦੌਰਾਨ ਚੀਜ਼ਾਂ ਨੂੰ ਸੰਬੋਧਨ ਦਿੱਤੇ ਹਨ। ਪਰ ਸੰਬੋਧਨ ਦਾ ਅਧਾਰ ਹਮੇਸ਼ਾ ਚੀਜ਼ਾਂ ਦੇਗੁਣਾਂ ਨਾਲ ਜੁੜਿਆ ਰਹਿੰਦਾ ਹੈ। ਮਸਲਨ ਸੱਪ ਦੇ ਗੁਣ ਸੱਪ ਅਤੇ ਰੱਸੀ ਵਿਚਲੇ ਵਾਸਤਵਿਕ ਗੁਣ-ਅੰਤਰ ਨੂੰ ਪ੍ਰਗਟ ਕਰਦੇ ਹਨ ਜਿਸ ਕਰਕੇ ਰੱਸੀ ਸੱਪ ਨਹੀਂ ਹੋ ਸਕਦੀ। ਧਰਤੀ ਤੇ ਜਨਮ ਲੈਂਣ ਵਾਲੇ ਮਨੁੱਖ ਰੱਬ ਨਹੀਂ ਹੋ ਸਕਦੇ ਕਿਉਂਕਿ ਰੱਬ ਦਾ ਨਾਮ (Name) ਨਹੀਂ ਬਲਕਿ ਰੱਬਦੇ ਗੁਣ ਰੱਬ ਨੂੰ ਮਨੁੱਖ ਨਾਲੋਂ ਵੱਖਰਾ ਕਰਦੇ ਹਨ। (ਸਿੱਖੀ ਦਰਸ਼ਨ ਵਿੱਚ ‘ਨਾਮ‘ਸ਼ਬਦ ਦੇ ਅਰਥਾਂ ਬਾਰੇ ਲੇਖਕ ਦਾ ਇੱਕ ਲੇਖ ‘ਨਾਮ ਕੀ ਹੈ? ‘ ਲੇਖਕ ਦੀ ਕਿਤਾਬ ‘ਸਿੱਖੀ ਦਾ ਦਰਸ਼ਨ‘ ਵਿੱਚ ਪੜਿਆ ਜਾ ਸਕਦਾ ਹੈ) ਇਸ ਨੁਕਤੇ ਅਨੁਸਾਰ ਮੂਲ ਮੰਤਰ ਦੇ ਇਸ ਹਿੱਸੇ ਦਾ ਅਰਥ ਇੰਝ ਬਣਦਾ ਹੈ:-
“ਅਕਾਲ ਪੁਰਖ ਇੱਕ ਹੈ, ਜੋ ਸਚੇ ਗੁਣਾਂ ਦੀ ਹੋਂਦ ਵਾਲਾ‘ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ (ਜਨਮ-ਮਰਣ) ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ” ( ‘ਹੋਇਆ ਹੈ‘ ਦੀ ਵਿਚਾਰ ਅਗੇ ਚਲ ਕੇ ਕਰਾਂ ਗੇ)
ਅੰਗ੍ਰੇਜ਼ੀ ਭਾਸ਼ਾ ਵਿੱਚ ਇਸ ਦਾ ਅਨੁਵਾਦ ਕੁੱਝ ਇੰਝ ਹੁੰਦਾ ਹੈ:-One Universal Creator God. He is true in His characteristics. Creative Being present in every form. No Fear. No Hatred. Image Of The Undying, Beyond Birth, Self-Existent.
ਇਹ ਸੀ ਗਲ ਮੂਲ ਮੰਤਰ ਦੇ ਅਰਥਾਂ ਦੀ। ਆਉ ਹੁਣ ਅਸੀਂ ਇਸ ਹਿੱਸੇ ਦੇਭਾਵ-ਅਰਥਾਂ ਦੀ ਵਿਚਾਰ ਕਰੀਏ। ਉੱਪਰੀ ਤੋਰ ਤੇ ਕਿਸੇ ਨੂੰ ਇਹ ਅਰਥ ਬੜੇ ਸਤਹੀ ਪੱਧਰ ਦੇ ਮਹਸੂਸ ਹੋ ਸਕਦੇ ਹਨ ਪਰ ਗੁਰੂ ਨਾਨਕ ਦੂਆਰਾ ਪ੍ਰਾਪਤ ਰੱਬੀ ਬਖ਼ਸ਼ ਦੇ ਇਜ਼ਹਾਰ ਨਾਲ ਭਰੇ ਇਨ੍ਹਾਂ ਚੰਦ ਸ਼ਬਦਾਂ ਦੇ ਅਰਥਾਂ ਦਾ ਭਾਵ ਬੜਾ ਗਹਿਰਾ ਹੈ।
ਨਾਸਤਕ ਦ੍ਰਿਸ਼ਟੀਕੋਣ ਰੱਖਣ ਵਾਲੇ ਤਰਕਸ਼ੀਲ ਲੋਗ ਅਕਸਰ ਪਰਮਾਤਮਾ ਦੀ ਹੋਂਦ ਦੇ ਸਬੂਤ ਦੀ ਮੰਗ ਕਰਦੇ ਹਨ। ਗੁਰੂ ਨਾਨਕ ਦੂਆਰਾ ਪ੍ਰਗਟਾਏ ਪਰਮਾਤਮਾ ਦੇ ਸਵਰੂਪ ਬਾਰੇ ਵਿਚਾਰ ਊਪਰੰਤ ਪਤਾ ਚਾਲਦਾ ਹੈ ਕਿ ਇਸ ਵਿਸ਼ੇ ਤੇ ਗੁਰੂ ਨਾਨਕ ਦਾ ਦ੍ਰਿਸ਼ਟੀਕੋਂਣ ਵਿਲਖਣ ਹੈ। ਨਾਸਤਕ ਪਰਮਾਤਮਾ ਦੀ ਹੋਂਦ ਦਿਆਂ ਅਤਰਕ ਪੁਰਨ ਮਾਨਤਾਵਾਂ ਨੂੰ ਤਰਕ ਨਾਲ ਨਖਿੱਦ ਕੇ ਹੱਸਦੇ ਹਨ ਪਰ ਇਸਦਾ ਅਰਥ ਇਹ ਨਹੀਂ ਨਿਕਲਦਾ ਕਿ ਪਰਮਾਤਮਾ ਦੀ ਹੋਂਦ ਪ੍ਰਤੀ ਉਹ ਗੁਰੂ ਨਾਨਕ ਦੇ ਦਰਸ਼ਨ ਨੂੰ ਨਖਿੱਦਣ ਵਿੱਚ ਸਮਰਥ ਹਨ। ਪਰਮਾਤਮਾ ਸਬੰਧੀ ਅਤਰਕ ਪੁਰਨ ਵਿਸ਼ਵਾਸਾਂ ਦਾ ਖੰਡਨ ਤਾਂ ਗੁਰੂ ਨਾਨਕ ਨੇ ਨਾਸਤਕਾਂ ਨਾਲੋਂ ਜ਼ਿਆਦਾ ਚੰਗੇ ਢੰਗ ਨਾਲ ਅਤੇ ਬਹੁਤ ਪਹਿਲੇ ਕੀਤਾ ਹੈ। ਪਰ ਗੁਰੂ ਨਾਨਕ ਜੀ ਦੇ ਬਿਆਨੇ ਪਰਮਾਤਮਾ ਦੇ ਸਵਰੂਪ ਦਾ ਖੰਡਨ ਨਾਮੁਮਕਿਨ ਹੈ। ਧਰਮ ਦੇ ਨਾਮ ਤੇ ਖੜੇ ਆਡੰਬਰਾਂ ਦਾ ਖੰਡਨ ਗੁਰੂ ਨਾਨਕ ਨੇ ਨਾਸਤਕਾਂ ਨਾਲੋਂ ਜ਼ਿਆਦਾ ਚੰਗੇ ਢੰਗ ਨਾਲ ਕੀਤਾ ਹੈ। ਗੁਰੂ ਨਾਨਕ ਦੇ ਧਰਮ ਪ੍ਰਤੀ ਦਰਸ਼ਨ ਦਾ ਖੰਡਨ ਮੁਮਕਿਨ ਗਲ ਨਹੀਂ।
ਸਿੱਖ ਧਰਮ ਵਿੱਚ ਪਰਮਾਤਮਾ ਬਾਰੇ Monotheism ਨਾਲ ਜੁੜਿਆ ਹੋਇਆ ਦਰਸ਼ਨ ਹੈ। ਜਿਸਦੇ ਚਲਦੇ ਇਹ ਸਪਸ਼ਟ ਹੁੰਦਾ ਹੈਕਿ ਪਰਮਾਤਮਾ ਤੋਂ ਸਭ ਕੁੱਝ ਹੈ ਪਰ ਸਭ ਕੁੱਝ ਪਰਮਾਤਮਾ ਨਹੀਂ।ਸਿੱਖ ਮਤ ਦੇ ਇਸ ਦ੍ਰਿਸ਼ਟੀਕੋਣ ਨੂੰ ਭਾਰਤ ਦੇ ਹਿੰਦੂ ਮਤ ਦੇ Monoism ਨਾਲੋਂ ਵੱਖ ਇਬਰਾਨੀ ਮਤਾਂ ਦੇ ਕਰੀਬ ਦਾ ਦਰਸ਼ਨ ਮੰਨਿਆ ਜਾਂਦਾ ਹੈ। ਪਰ ਮੂਲਮੰਤਰ ਵਿੱਚ ਪ੍ਰਗਟਾਇਆ ਪਰਮਾਤਮਾ ਦਾ ਸਵਰੂਪ Monothiesm ਦੇ ਭਾਵ ਨੁੰ ਕੁੱਝ ‘ਵੱਖਰੇ ਅੰਦਾਜ‘ ਨਾਲ ਸਮਝਾਉਣ ਵਲ ਇਸ਼ਾਰਾ ਕਰਦਾ ਪ੍ਰਤੀਤ ਹੁੰਦਾ ਹੈ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਮੂਲ ਮੰਤਰ ਦੇ ਸ਼ਬਦਾ ਦੀ ਚੋਂਣ ਬੇਹਦ ਸਾਵਧਾਨੀ ਨਾਲ ਕੀਤੀ ਗਈ ਹੋਵੇਗੀ ਕਿਉਂਕਿ ਇਹ ਸ਼ਬਦਨਾਨਕ ਲਈ ਹੋਈ ਰੱਬੀ ਬਖ਼ਸ਼ ਨੂੰ ਦਰਸਾਉਂਣ ਦਾ ਮਾਧਿਅਮ ਸਨ। ਇਸ ਲਈ ਆਉ ਜ਼ਰਾ ਮੂਲ ਮੰਤਰ ਵਿੱਚ ਵਰਤੇ ਕੁੱਝ ਸ਼ਬਦਾ ਦਾ ਸੰਖੇਪ ਜਿਹਾ ਵਿਸ਼ਲੇਸ਼ਣ ਕਰੀਏ।
ਪਹਿਲੀ ਗਲ:- ਮੂਲ ਮੰਤਰ ਵਿੱਚ ਪਰਮਾਤਮਾ ਨੂੰ ‘ਕਰਤਾ ਪੁਰਖ‘ ਸ਼ਬਦ ਰਾਹੀਂ ਇੱਕ ਪੁਲਿੰਗ ਵਜੋਂ ਬਿਆਨ ਕੀਤਾ ਗਿਆ ਹੈ ਪਰ ਨਾਲ ਹੀ ‘ਅਕਾਲ ਮੂਰਤਿ‘ ਕਹ ਕੇ ਇਸਤਰੀ ਲਿੰਗ ਤਰਜ਼ ਦਾ ਪ੍ਰਯੋਗ ਕੀਤਾ ਗਿਆ ਹੈ। ਧਿਆਨ ਰਹੇ ਕਿ ‘ਮੂਰਤਿ‘ ਸ਼ਬਦ ਇਸਤਰੀ ਲਿੰਗ ਨਾਲ ਜੁੜਿਆ ਹੋਇਆ ਸ਼ਬਦ ਹੈ। ਹਿੰਦੀ ਭਾਸ਼ਾ ਦਾ ਸ਼ਬਦ ਮੂਰਤੀ ਸ਼ਬਦ ਸਪਸ਼ਟ ਇਸਤਰੀ ਲਿੰਗ ਹੀ ਹੈ। ਸਪਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਦੂਆਰਾ ਪ੍ਰਗਟਾਏ ਪਰਮਾਤਮਾ ਦੇ ਸਵਰੂਪ ਵਿੱਚ ਲਿੰਗ ਭੇਦਦੀ ਕੋਈ ਜਗਹ ਨਹੀ ਪਰਗਲ ਕੇਵਲ ਇੰਨੀ ਹੈ ਕਿ ਮਨੁੱਖੀ ਭਾਸ਼ਾ ਵਿੱਚ ਹਰ ਸ਼ੈਅ ਲਿੰਗ ਭੇਦ ਰਾਹੀਂ ਬੋਲੀ ਸਮਝੀ ਜਾਂਦੀ ਹੈ।
ਦੂਜੀ ਗਲ:- ਅਕਾਲ ਮੂਰਤਿ ਦਾ ਭਾਵ ਅਰਥ ਪਰਮਾਤਮਾ ਦੇ ਸਰੂਪ ਨਾਲ ਜੁੜਿਆ ਹੋਇਆ ਹੈ। ‘ਅਕਾਲ‘ ਦੇ ਨਾਲ ‘ਮੁਰਤਿ‘ ਸ਼ਬਦ ਦੀ ਵਰਤੋਂ ਇੱਕ ਡੂੰਗੀ ਗਲ ਵਲ ਇਸ਼ਾਰਾ ਕਰਦੀ ਪ੍ਰਤੀਤ ਹੁੰਦੀ ਹੈ। ਨਿਰਸੰਦੇਹ ‘ਮੂਰਤਿ‘ (Image) ਸ਼ਬਦ ਸਰੂਪ ਨਾਲ ਜੁੜਣ ਵਾਲਾ ਸ਼ਬਦ ਹੈ। ਪਰ ਪਰਮਾਤਮਾ ਤਾਂ ਸਰੂਪ ਹੀਣ ਹੈ! ਫਿਰ ਕੀ ਸੋਚ ਕੇ ਗੁਰੂ ਨਾਨਕ ਨੇ ਇੱਕ ਸਰੂਪ ਨਾਲ ਜੁੜਦੇ ਸ਼ਬਦ ‘ਮੂਰਤਿ‘ ਦੀ ਵਰਤੋਂ ਕੀਤੀ? ਇਹ ਸਵਾਲ ਬੜੇ ਗਜ਼ਬ ਦਾ ਹੈ। ਇਸ ਦਾ ਸਿੱਦਾ ਸਬੰਧ ਸਿੱਖੀ ਦੇ ਦਰਸ਼ਨ ਵਿੱਚ ਪਰਮਾਤਮਾ ਦੀ ਹੋਂਦ ਦੇ ਸਬੂਤ ਨਾਲ ਜੁੜਿਆ ਹੋਇਆ ਹੈ। ਗੁਰੂ ਨਾਨਕ ਨੇ ਨਿਰਾਕਾਰ ਪਰਮਾਤਮਾ ਦੀ ਹੋਂਦ ਲਈ ਮੁਰਤਿ ਵਰਗੇ ਸ਼ਬਦ ਦੀ ਚੋਂਣ ਕੀਤੀ ਜਿਸ ਰਾਹੀਂ ਨਿਰਾਕਾਰ ਦਾ ਰੂਪ ਬਿਆਨ ਕੀਤਾ ਜਾ ਸਕੇ। ਇਥੇ ਸਾਨੂੰ ‘ਮੂਲ਼‘ ਅਤੇ ‘ਰੂਪ‘ਵਿਚਲਾ ਸਬੰਧ ਅਤੇ ਅੰਤਰ ਸਮਝਣਾ ਪਵੇਗਾ। ਪਰਮਾਤਮਾ ਦੀ ਨਿਰਾਕਾਰ ਹੋਂਦ ਸਵਰੂਪ ਹੀਣ ਨਹੀਂ ਹੈ। ਉਹ ਸਵਰੂਪ ਵਾਲਾ ਹੈ ਕਿਉਂਕਿ ਉਹ ਸਰੂਪ ਵਿੱਚ ਹੈ! ਨਾਲ ਹੀ ਉਹ ਨਿਰਾਕਾਰ ਹੈ ਕਿਉਂਕਿ ਉਹ ‘ਕਾਲਮਈ‘ ਸਰੂਪ ਤੋਂ ਬਾਹਿਰ ਅਕਾਲ ਹੈ। ਇਹ ਵਿਚਾਰਣ ਦੀ ਗਲ ਹੈ।
ਪਰਮਾਤਮਾ ਅਤੇ ਉਸਦੇ ਰੂਪਾਂ ਵਿਚਲੇ ਸਬੰਧ ਅਤੇ ਅੰਤਰ ਨੂੰ ਸਮਝਣਾ ਪਵੇਗਾ। ਗੁਰੂ ਨਾਨਕ ਜੀ ਲਿਖਦੇ ਹਨ:-
ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥ {ਪੰਨਾ 12}
ਅਰਥ:- ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਰੂਪ ਹਨ), ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਸਿਧਾਂਤ ਆਦਿਕ) ਅਨੇਕਾਂ ਸਰੂਪ ਹਨ। ੨। ੨।
Meaning :-As the various seasons originate from the one sun; O Nanak, in just the same way, the many forms originate from the Creator.
ਸੂਰਜ ਅਤੇ ਮੌਸਮ ਦੇ ਪ੍ਰਤੀਕ ਦੀ ਵਰਤੋਂ ਨਾਲ ਗੁਰੂ ਨਾਨਕ ਜੀ ਨੇ ਪਰਮਾਤਮਾ ਅਤੇ ਉਸਦੇ ਰੂਪਾਂ ਦੇ ਸਬੰਦ ਅਤੇ ਅੰਤਰ ਨੂੰ ਬੜੇ ਡੂੰਘੇ ਸੰਧਰਭ ਵਿੱਚ ਸਮਝਾਉਂਣ ਦਾ ਜਤਨ ਕੀਤਾ ਹੈ। ਅਸੀਂ ਜਾਣਦੇ ਹਾਂ ਕਿ ਸੂਰਜ ਅਤੇ ਧਰਤੀ ਵਿੱਚ ਵੱਡੇ ਫਾਸਲੇ (ਅੰਤਰ) ਹਨ ਪਰ ਫਿਰ ਵੀ ਸੂਰਜ ਧਰਤੀ ਤੇ ਵਾਪਰਣ ਵਾਲੀਆਂ ਰੂਤਾਂ ਦਾ ਕਾਰਣ ਹੈ। ਇਥੇ ਸੂਰਜ ਅਤੇ ਧਰਤੀ ਵਿਚਲੇ ਵੱਡੇ ਫਾਸਲੇ ਸਿਮਟਦੇ ਹੋਏ ਇੱਕ ਡੂੰਗੇ ਸਬੰਧ ਵਿੱਚ ਬਦਲਦੇ ਪ੍ਰਤੀਤ ਹੁੰਦੇ ਹਨ। ਇੱਕ ਅੱਗ ਦਾ ਦਹਕਦਾ ਗੌਲਾ ਹੈ ਆਪ ਜਿਸ ਦੇ ਅੰਦਰ ਕੋਈ ਜੀਵਨ ਨਹੀਂ। ਪਰ ਧਰਤੀ ਦੇ ਸੰਧਰਭ ਵਿੱਚ ਉਹ ‘ਜੀਵਨ ਵਹੀਨ ਸੂਰਜ‘ ਜੀਵਨ ਦੀ ਉੱਤਪਤਿ ਦਾ ਇੱਕ ਵੱਡਾ ਕਰਣ ਹੈ। ਇਹ ਸਬੰਧ ਅਤੇ ਅੰਤਰ ਬੋਧ ਦਿਆਂ ਸੱਚਾਇਆ ਹਨ।
ਗੁਰੂ ਨਾਨਕ ਜੀ ਨੇ ਪਰਮਾਤਮਾ ਦਾ ਸਰੂਪ ਬਿਆਨ ਕਰਦੇ ਨਿਕਾਕਾਰ ਨੂੰ ਅਕਾਰਾਂ ਨਾਲ ਜੋੜਿਆ ਹੈ। ਸੁਣਨ ਨੂੰ ਇਹ ਗਲ ਸ਼ਯਾਦ ਕਿਸੇ ਨੂੰ ਅਟਪਟੀ ਲਗੇ ਪਰ ਇਹ ਉਂਝ ਹੈ ਨਹੀ। ਸਵਰੂਪ ਪਰਮਾਤਮਾ ਦੀ ਉਸ ਹੋਂਦ ਦਾ ਸਬੂਤ ਹੈ ਜੋ ਕਿ ਨਿਰਾਕਾਰ ਹੈ। ਰੂਪ ਹਮੇਸ਼ਾ ਮੂਲ ਤੋਂ ਨੀਵੀਂ ਅਵਸਥਾ ਦੀ ਗਲ ਹੁੰਦੀ ਹੈ। ਪਰਮਾਤਮਾ ਮੂਲ ਹੋਂਣ ਕਰਕੇ ਅਪਣੇ ਸਰੂਪ ਨਾਲੋਂ ਬਾਹਰ ਦੀ ਗਲ ਹੋ ਅਕਾਲ ਹੋ ਜਾਂਦਾ ਹੈ। ਉਹ ਅਕਾਰ (ਰੂਪ) ਵਿੱਚ ਪ੍ਰਗਟ ਰਹਿੰਦਾ ਹੈ ਪਰ ਚੁੰਕਿ ਰੂਪ ਸਾਮਇਕ ਅਵਸਥਾ ਹੈ ਇਸ ਲਈ ਅਕਾਲ ਨਹੀਂ। ਪਰੰਤੁ ਪਰਮਾਤਮਾ ਅਕਾਲ ਹੋਂਣ ਕਰਕੇ ਅਪਣੇ ਸਮਸਤ ਰੂਪਾਂ ਤੋਂ ਉੱਪਰ ‘ਅਕਾਲ‘ ਰਹਿੰਦਾ ਹੈ। ਮੂਰਤਿ ਸ਼ਬਦ ਪਰਮਾਤਮਾ ਦੇ ਸਰੂਪ (Image) ਦਾ ਪ੍ਰਗਟਾਵਾ ਹੈ ਅਤੇ ‘ਅਕਾਲ‘ਸਰੂਪ (ਮੁਰਤਿ) ਦੇ ਪਿਛੇ ਦੀ ਸੱਚਾਈ ਹੈ। ਯਾਨੀ ਕਿ ਸਰੂਪ ਦਾ ਪਿਛੋਕੜ। ਆਪ ਪੁੱਛ ਸਕਦੇ ਹੋ ਕਿ ਪਰਮਾਤਮਾ ਦੇ ਸਰੂਪ ਹੋਂਣ ਦਾ ਕੀ ਸਬੂਤ ਹੈ? ਬਾਣੀ ਵਿੱਚ ਅਗੇ ਚਲਕੇ ਗੁਰੂ ਨਾਨਕ ਨੇ ਮੂਲ ਮੰਤਰ ਵਿੱਚ ਦਸੇ ਹੋਏ ਪਰਮਾਤਮਾ ਦੀ ਇੱਕ ਨਿਸਚਤ ਸ਼ਨਾਖਤ ਦੱਸੀ ਹੈ ਜੋਕਿ ਇਸ ਪ੍ਰਕਾਰ ਹੈ:-
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥੮॥ ਗੁਰੂ ਨਾਨਕ ਜੀ (ਪੰਨਾ 141)
ਅਰਥ:-ਹੇ ਨਾਨਕ! ਸਦਾ ਰਹਿਣਵਾਲਾ ਸਿਰਫ਼ ਉਹੀ ਹੈ, ਜੋ ਇਹਨਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ ਉਸ ਦੀ ਰਚੀ ਕੁਦਰਤਿ ਵਿਚੋਂ ਹੁੰਦੀ ਹੈ। ੮।
Meaning:- O Nanak, the True One is the Giver of all; He is identified through His All-powerful Creative Nature. ||8||
ਤੀਜੀ ਗਲ:- ‘ਅਜੂਨੀ‘ ਸ਼ਬਦ ਧਿਆਨ ਮੰਗਦਾ ਹੈ। ਅਜੁਨੀ ਦਾ ਅਰਥ ਹੁੰਦਾ ਹੈ ਜਨਮ-ਮਰਨ ਦੇ ਤੋਂ ਬਾਹਿਰ। ਪਰਇਸ ਦਾ ਮਤਲਬ ਕਦਾਚਿਤ ਇਹ ਨਹੀਂ ਬਣਦਾ ਕਿ ਜਨਮ-ਮਰਣ ਤੋਂ ਬਾਹਰ ਹੋਂਣ ਕਰਕੇ ਪਰਮਾਤਮਾ ਦਾ ਕੋਈ ਰੂਪ ਨਹੀਂ। ਗਲ ਕੇਵਲ ਇੰਨੀ ਹੈ ਕਿ ਪਰਮਾਤਮਾ ਅਪਣੇ ਰੂਪ ਵਿੱਚ ਪ੍ਰਗਟ ਹੁੰਦੇ ਹੋਏ ਵੀ ਉਸ ਤੋਂ ਬਾਹਿਰ ਹੋਣ ਕਰਕੇ ਨਿਰਾਕਾਰ ਹਹਿੰਦਾ ਹੈ। ਉਹ ਸਰੂਪਾਂ ਦੇ ਵਿਚੋਂ ਦੀ ਨਿਕਲਦਾ ਸਰਬ ਵਿਆਪਕ ਹੈ। ਪਰਮਾਤਮਾ ਦੀ ਸੱਚਾਈ ਰੂਪ ਤੋਂ ਨਿਕਲਦੀ ਹੋਈ ਪਰੇ ਦੀ ਸੱਚਾਈ ਹੈ ਪਰਮਾਤਮਾ ਅਪਣੇ ਰੂਪ ਵਿੱਚ ਦਿੱਸਦਾ ਹੈ ਸਮਝ, ਆਉਂਦਾ ਹੈ ਪਰ ਨਾਲ ਹੀ ਅਪਣੇ ਰੂਪ ਤੋਂ ਬਾਹਿਰ ਉਹ ਨਾ ਦਿੱਸਦਾ ਹੈ ਤੇ ਨਾ ਹੀ ਸਮਝ ਆਉਂਦਾ ਹੈ। ਰੂਪ ਤੋਂ ਬਾਹਿਰ ਪਰਮਾਤਮਾ ਨਿਰਾਕਾਰ ਹੈ, ਵਿਦਮਾਦ ਹੈ। ਉਹ ਹੋਈਆ ਨਹੀਂ ਉਹ ਕੇਵਲ ਸਦਾ ਤੋਂ ਰਹਿ ਰਿਹਾ ਹੈ।
ਚੋਥੀ ਗਲ:- ਜੇਕਰ ਵਿਗਿਆਨ ਦੇ ਤਰਕ ਤੇ ਹੀ ਸ੍ਰਿਸ਼ਟੀ ਦੀ ਹੋਦ ਦੇ ਆਰੰਭ ਤੋਂ ਹੁਣ ਤਕ Cause ਅਤੇ Effect ਦੀ ਇੱਕ ਜ਼ਜੀਰ ਬਣਾਈ ਜਾਵੇਤਾਂ ਸ੍ਰਿਸ਼ਟੀ ਦੇ ਆਰੰਭ ਦੀ ਜੋ ਪਹਿਲੀ ਕੜੀ (First link of chain of Cause and Effect) ਵਿੱਚ ਜੋ ਹੋਵੇਗਾ ਉਹ Cause ਹੋਵੇਗਾ ਨਾ ਕਿEffect. ਇਹ ‘ਕਾਰਣ‘ ਮੂਲ ਹੈ ਅਤੇ ਇਸਦਾ Effect ਰੂਪ ਦੀ ਗਲ ਹੈ। ਗੁਰੂ ਨਾਨਕ ਜੀ ਨੇ ਸ਼ਬਦ ਵਰਤਿਆ ਹੈ: ਸੈਭੰ ! ਯਾਨਿ ਕੇ ‘ਜਿਸ ਦਾ ਪ੍ਰਕਾਸ਼ ਆਪਣੇ ਆਪਤੋਂ ਹੋਇਆ ਹੈ‘ (ਪ੍ਰੋ. ਸ਼ਾਹਿਬ ਸਿੰਘ ਜੀ) ਇਥੇ ‘ਹੋਇਆ‘ ਸ਼ਬਦ ਨੂੰ ਜ਼ਰਾ ਵਿਚਾਰ ਲਈਏ।
‘ਹੋਇਆ‘ ਸ਼ਬਦ ‘ਹੋਣ ਦੇ ਸਮੇਂ‘ ਵਲ ਇਸ਼ਾਰਾ ਕਰਦਾ ਪ੍ਰਤੀਤ ਹੁੰਦਾ ਹੈ। ਯਾਨੀ ਕੇ ‘ਹੋਇਆ‘ ਦਾ ਅਰਥ ਭਾਵ ਕਿਸੀ ਗਲ ਜਾਂ ਅਵਸਥਾ ਦੇ ਵਾਪਰਣ ਦੇ ਸਮੇਂ ਨਾਲ ਜੁੜਦਾ ਹੈ ਜਦ ਕਿ ਪਰਮਾਤਮਾ ਦੀ ਸਦੀਵੀਂ ਹੋਂਦ ਲਈ ‘ਹੋਇਆ‘ ਸ਼ਬਦ ਢੁੱਕਦਾ ਪ੍ਰਤੀਤ ਨਹੀਂ ਹੁੰਦਾ। ‘ਹੋਇਆ‘ ਸ਼ਬਦ Created ਦਾ ਭਾਵ ਪ੍ਰਗਟ ਕਰਦਾ ਹੈ ਜਦ ਕਿ ਪਰਮਾਤਮਾ ਦੀ ਹੋਂਦ ਦਾ ਭਾਵ Existence ਦਾ ਭਾਵ ਹੈ। ਇਸ ਲਈ ਮੂਲ ਮੰਤਰ ਦੇ ਹੀ ਇੱਕ ਸ਼ਬਦ ‘ਅਕਾਲ‘ਦੇ ਭਾਵ ਨੂੰ ਮੁਖ ਰੱਖਦੇ ‘ਸੈਭੰ‘ ਦਾ ਭਾਵਅਰਥ ਸਮੇਂ ਵਿੱਚ ਵਾਪਰਣ ਵਾਲੀ ਕਿਸੇ ਘਟਨਾ ਦੇ ਤੌਰ ਤੇ ਨਹੀਂ ਨਿਕਲਦਾ। ਇਸ ਲਈ ਇਥੇ ‘ਸੈਭੰ‘ ਦਾ ਵਾਸਤਵਿਕ ਭਾਵਅਰਥ ਬਣਦਾ ਹੈ: ‘ਜਿਸ ਦਾ ਪ੍ਰਕਾਸ ਅਪਣੇ ਆਪ ਤੋਂ ਹੈ‘ ਜਾਂ ਫਿਰ ‘ਜਿਸਦਾ ਪ੍ਰਕਾਸ਼ ਅਪਣੇ ਆਪ ਤੋਂ ਰਹਿੰਦਾ ਹੈ‘! ਉਹ ‘ਹੋਈਆ‘ ਨਹੀਂ ਉਹ ਕੇਵਲ ਸਦਾ ਤੋਂ ‘ਰਹ ਰਿਹਾ‘ ਹੈ। ਉਹ ਨਿਰੰਤਰ ਹੈ। ਉਹ ਸਮੇਂ ਦੇ ਅੰਦਰ ਹੋਣ ਵਾਲੀ ਗਲ ਨਹੀਂ ਉਹ ਅਕਾਲ ਹੈ। ਇਸ ਨਿਰਗੁਣ (ਗੁਣ ਲੱਛਣਾਂ ਤੋਂ ਰਹਿਤ) ਤੋਂ ਉਸ ਦੇ ਸਰਗੁਣ (ਗੁਣ ਲੱਛਣਾ ਸਹਿਤ) ਰੂਪ ਉਪਜੇ ਹਨ। ਗੁਰੂ ਨਾਨਕ ਇਸ ਦਰਸ਼ਨ ਨੂੰ ਇੰਝ ਸਪਸ਼ਟ ਕਰਦੇ ਹਨ:-
ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ ॥ (940)
Meaning:- From His state of absolute existence, He assumed the immaculate form; from formless, He assumed the supreme form.
ਇਸ ਲਈ ਪਰਮਾਤਮਾ ਨੂੰ ਉਸਦੇ ਗੁਣਾਂ ਰਾਹੀਂ ਹੀ ਸਮਝਿਆ ਜਾ ਸਕਦਾ ਹੈ। ਇਸ ਨੁਕਤੇ ਰਾਹੀਂ ਗੁਰੂ ਨਾਨਕ ਜੀ ਨੇ ਪਰਮਾਤਮਾ ਦੇ ਸਵਰੂਪ ਨੂੰ ਬਿਆਨ ਕਰਦੇ ਪਰਮਾਤਮਾ ਦੀ ਨਿਰਾਕਾਰ ਹੋਂਦ ਨੂੰ ਪਰਮਾਤਮਾ ਦੇ ਹੁਕਮ ਵਿੱਚ ਪ੍ਰਗਟ ਹੋਏ ਅਕਾਰਾਂ ਰਾਹੀਂ ਬਿਆਨ ਕੀਤਾ ਹੈ। ਉਹ ਅਕਾਰ ਜਿਸ ਵਿੱਚ ਪਰਮਾਤਮਾ ਨੇਪੈਦਾਕਰਣ, ਪਾਲਣ ਕਰਣ ਅਤੇ ਵਿਨਾਸ ਕਰਣ ਦੇਗੁਣ ਪਾਏ ਹਨ। ਪਰਮਾਤਮਾ ਦੇ ਇਹ ਰੂਪ ਪਰਮਾਤਮਾ ਦੀ ਸਪਸ਼ਟ ਸ਼ਿਨਾਖਤ ਹਨ ਜਿਨਾਂ ਰਾਹੀਂ ਪਰਮਾਤਮਾ ਪੈਦਾ ਕਰਣ ਵਾਲਾ, ਪਾਲਣ ਵਾਲਾ ਅਤੇ ਵਿਨਾਸ ਕਰਣ ਵਾਲਾ ਹੋ ਵਾਪਰਦਾ ਹੈ। ਬਾ-ਕੋਲ ਗੁਰੂ ਨਾਨਕ, ਇਨ੍ਹਾਂ ਰੁਪਾਂ ਪ੍ਰਤੀ ਸਮਝ ਪਰਮਾਤਮਾ ਪ੍ਰਤੀ ਮਨੁੱਖਾ ਦੀ ਸਮਝ ਹੈ। ਇਹ ਗਲ ਵੱਖਰੀ ਹੈ ਕਿ ਕੋਈ ਮਨੱਖ ਇਸ ਨੂੰ ਕਿਨਾਂ ਸਮਝ ਪਾਉਂਦਾ ਹੈ। ਇਹ ਰੂਪ ਵੀ ਕਈ ਪੱਖੋਂ ਵਿਸਮਾਦਮਈ ਹਨ। ਗੁਰੂ ਨਾਨਕ ਨੇ ਕੁਦਰਤ ਦੇ ਵਿਸਮਾਦਮਈ ਪੱਖਾਂ ਬਾਰੇ ‘ਆਸਾ ਕੀ ਵਾਰ‘ ਬਾਣੀ ਵਿੱਚ ਵਿਚਾਰ ਦਿੱਤੀ ਹੈ। ਮੂਲ ਮੰਤਰ ਗੁਰੂ ਨਾਨਕ ਦੂਆਰਾ ਦਰਸਾਇਆ ‘ਮੂਲ‘ (ਪਰਮਾਤਮਾ) ਦਾ ਪਰਿਚੈ ਜਾਂ Basic Understanding ਹੈ ਪਰ ਇਸਦਾ ਅਰਥ ਪਰਮਾਤਮਾ ਦੀ ਨਿਰਾਕਾਰ ਹੋਂਦ ਤੋਂ ਲੇ ਕੇ‘ਉਸਦੇ‘ ਰੂਪਾਂ ਨਾਲ ਉਸਦੇ ਸਬੰਧ ਅਤੇ ਅੰਤਰ ਨੂੰ ਸਮਝਣਾ ਹੈ। ਮਨੁੱਖਾ ਜੀਵਨ ਵੀ ਇਸ ਸਬੰਧ ਅਤੇ ਅੰਤਰ ਦੀ ਰੱਬੀ ਹੁਕਮ ਵਿੱਚ ਵਾਪਰਣ ਵਾਲਾ ਇੱਕ Effect ਹੈ ਜਿਸ ਨੂੰ ਜੀਣ ਦਾ ਢੰਗ ਸਿਖਾਉਂਣਾ ਸਿੱਖੀ ਦੇ ਦਰਸ਼ਨ ਦਾ ਮਨੋਰਥ ਹੈ।
(2) ਸਿੱਖੀ ਦੇ ਦਰਸ਼ਨ ਦਾ ਪਹਿਲਾ ਸਿਧਾਂਤ
ਮੂਲਮੰਤਰ ਦਾ ਦੂਜਾ ਹਿੱਸਾ ‘ਗੁਰ ਪ੍ਰਸਾਦਿ’ ਹੈ। ਇਹ ਸਿੱਖੀ ਦੇ ਦਰਸ਼ਨ ਦਾ ਪਹਿਲਾ ਸਿਧਾਂਤਹੈ। ਇਹ ‘ਗੁਰ ਪ੍ਰਸਾਦਿ‘ ਤੋ ਆਰੰਭ ਹੁੰਦਾ ਹੈ ਅਤੇ ਇਸ ਸਿਧਾਂਤ ਦੇ ਮੁਤਾਬਿਕ ਸਾਨੂੰ ਪਰਮਾਤਮਾ ਦੀ ਸਮਝ ਕੇਵਲ ਗੁਰੂ ਦੀ ਕਿਰਪਾ ਭਾਵ ਗੁਰੂ ਦੀ ਸਿੱਖਿਆ ਰਾਹੀਂ ਹੀ ਹਾਸਿਲ ਹੋ ਸਕਦੀ ਹੈ। ਬੇਸ਼ਕ ਗੁਰੂ ਨਾਨਕ ਨੂੰ ਇਹ ਸਮਝ ਪਰਮਾਤਮਾ ਦੀ ਬਖਸ਼ ਸੀ ਪਰ ਮੱਨੁਖਾ ਮਾਨਸਿਕ ਪੱਧਰਾਂ ਦਿਆਂ ਸੱਚਾਇਆਂ ਨੂੰ ਸਮਝਦੇ ਗੁਰੂ ਨਾਨਕ ਨੇ ਬਾਣੀ ਨੂੰ ਵੀ ਗੁਰੂ ਦਾ ਦਰਜਾ ਦਿੱਤਾ ਜਿਸ ਵਿੱਚ ਸ਼ਬਦ ਰਾਹੀਂ ਸੱਚੇ ਜੀਵਨ ਗਿਆਨ ਨੂੰ ਸਮਝਿਆ ਦਾ ਸਕਦਾ ਸੀ ਅਤੇ ਜਿਸ ਵਿੱਚ ਅਚਾਰ ਜੋੜ ਕੇ ਉਸ ਗਿਆਨ ਨੂੰ ਸਾਰਥਕਤਾ ਦਿੱਤੀ ਜਾ ਸਕਦੀ ਸੀ। ਗੁਰੂ ਨਾਨਕ ਸਿੱਖਾਂ ਲਈ ਇਸ ਦੀ ਪਹਿਲੀ ਮਿਸਾਲ ਸਨ।
ਪ੍ਰਸਾਦਿ ਦਾ ਭਾਵਅਰਥ ਹੈ ਪਰਮਾਤਮਾ ਪ੍ਰਤੀ ਸਮਝ। ਗੁਰ ਪ੍ਰਸਾਦਿ ਮਤਲਬ ਗੁਰੂ ਦੂਆਰਾ ਦੱਸੀ ਹੋਈ ਪਰਮਾਤਮਾ ਦੀ ਸਮਝ। ਪਰਮਾਤਮਾ ਦੀ ਸਮਝ ਪਰਮਾਤਮਾ ਦੇ ਸਮਝ ਆ ਸਕਣ ਵਾਲੇ ਸਵਰੂਪ ਨਾਲ ਜੁੜੀ ਹੈ। ਉਹ ਸਵਰੂਪ ਜਿਸ ਨਾਲ ਮਨੁੱਖਾ ਜੀਵਨ ਤੇ ਉਸਦਾ ਸਮਸਤ ਵਾਤਾਵਰਣ ਜੁੜਿਆ ਹੈ। ਇਸ ਦੀ ਸਮਝ ਗੁਰੂ ਰਾਹੀਂ ਪ੍ਰਾਪਤ ਹੁੰਦੀ ਹੈ। ਇਹ ਸਮਝ ਗੁਰੂ ਦਾ ਪ੍ਰਸਾਦਿ ਹੈ।
ਪਰਮਾਤਮਾ ਦਾ ਨਾਮ ਮਨੁੱਖੀ ਘੜਤ ਹੈ ਪਰ ਪਰਮਾਤਮਾ ਬਾਰੇ ਸਮਝ ਸਾਡੇ ਲਈ ਪਰਮਾਤਮਾ ਹੈ। ਯਾਨੀ ਗੁਰੂ ਦਾ ਪ੍ਰਸਾਦਿ! ਗੁਰੂ ਦੀ ਸਿੱਖਿਆ! ਪਰਮਾਤਮਾ ਪ੍ਰਤੀ ਇਸ ਨਿਰੋਲ ਪਰਿਭਾਸ਼ਾ ਦੀ ਸਮਝ ਨਾਨਕ ਨੂੰ ਪਰਮਾਤਮਾ ਦੀ ਬਖ਼ਸ਼ ਸੀ।ਇਸ ਲਈ ਗੁਰੂ ਨਾਨਕ ਨੇ ਉਸ ੧ ਦੀ ਹੋਂਦ ਅਤੇ ਉਸ ਦੇ ਸਵਰੂਪ ਨੂੰ ਹੀ ਅਪਣਾ ਗੁਰੂ ਸਵਿਕਾਰਿਆ। ਇਹ ਨਾਨਕ ਦੀ ਪ੍ਰਾਪਤੀ ਸੀ। ਨਾਨਕ ਰਾਹੀਂ ਪ੍ਰਾਪਤ ਇਸ ਪ੍ਰਾਪਤੀ ਤੋਂ ਅਸੀਂ ਜੋ ਕੁੱਝ ਸਿੱਖਿਆ ਜਾਂ ਸਿੱਖਦੇ ਹਾਂ ਉਹ ਵਾਜਬ ਤੋਰ ਤੇ, ਅਪਣੇ ਸੰਧਰਭ ਵਿਚ, ਨਾਨਕ ਨੂੰ ਗੁਰੂ ਨਾਨਕ ਦੇ ਰੂਪ ਵਿੱਚ ਸਥਾਪਤ ਕਰ ਦੇਂਦਾ ਹੈ।
ਮੂਲ ਮੰਤਰ ਰੱਬੀ ਬਖ਼ਸ਼ ਦੇ ਸਦਕੇ ਗੁਰੂ ਨਾਨਕ ਦੀ ਉਹ ਬਾ-ਕਸ਼ਿਸ਼ ਵਿਲੱਖਣ ਪ੍ਰਾਪਤੀ ਹੈ ਜਿਸ ਤੇ ਆਖਿਰਕਾਰ ਅਧਿਆਤਮ ਨਾਲ ਜੁੜੇ ਜਿਗਿਆਸੂਆਂ ਨੂੰ ਮੁੜਨਾ ਪਵੇਗਾ।
.
Spl thanks to
ਹਰਦੇਵ ਸਿੰਘ,ਜੰਮੂ
No comments:
Post a Comment