MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Thursday, December 24, 2009

ਨਿੱਕੀਆਂ ਜ਼ਿੰਦਾਂ ਵੱਡੇ ਸਾਕੇ ..!!

“ਕੀ ਗੱਲ ਐ ਬੇਬੇ……? ਅੱਜ ਫੇਰ ਦਾਲ…… ਕਿੰਨੇ ਦਿਨ ਹੋਗੇ…… ਤੂੰ ਰੋਜ਼ ਦਾਲ ਈ ਬਣਾ ਲੈਨੀਂ ਐਂ……” 

  ਪਿਛਲੇ ਕੁਝ ਦਿਨਾਂ ਤੋਂ ਘਰੇ ਰੋਜ਼ ਦਾਲ ਹੀ ਬਣ ਰਹੀ ਸੀ ਤੇ ਅੱਜ ਕੁਝ ਹੈਰਾਨ ਹੋ ਕੇ ਮਨਵੀਰ ਨੇ ਮਾਂ ਨੂੰ ਇਸ ਦਾ ਕਾਰਨ ਪੁੱਛਿਆ…… ਪਰ ਮਾਂ ਕੁਝ ਨਾ ਬੋਲੀ। ਫਿਰ ਮਨਵੀਰ ਨੂੰ ਯਾਦ ਆਇਆ ਕਿ ਇਹ ਤਾਂ ਦਿਸੰਬਰ ਦੇ ਆਖ਼ਰੀ ਦਿਨ ਚੱਲ ਰਹੇ ਸਨ। ਰੋਟੀ ਖਾ ਕੇ ਜਦ ਮਨਵੀਰ ਰਸੋਈ ਵਿਚ ਭਾਂਡੇ ਰੱਖਣ ਗਿਆ ਤਾਂ ਉਸ ਨੇ ਸੁਣਿਆਂ ਕਿ ਮਾਤਾ ਬੜੇ ਵੈਰਾਗ ਵਿਚ ਕੁਝ ਗਾ ਰਹੀ ਸੀ, 

“ਘੋੜੀ ਤੇ ਚੜ੍ਹਿਆ ਮਾਤਾ ਸੁੰਦਰੀ ਦਾ ਜਾਇਆ ਪਿਤਾ ਏ ਜੀਹਦਾ ਹਿੰਦ ਦਾ ਪੀਰ ਨੀ ਦਾਦੇ ਰੰਗ ਰੰਗਿਆ ਆਪਣੀ ਦਾਦੀ ਦਾ ਲਾਡਲਾ ਵੀਰਾਂ ‘ਚੋਂ ਵੱਡਾ ਸੂਰਵੀਰ ਨੀ 
ਖੱਬੇ ਮੋਢੇ ਉੱਤੇ ਸਜਦੀ ਕਮਾਨ ਏਂ ਸੱਜੇ ਮੋਢੇ ਤੇ ਭੱਥਾ ਤੀਰ ਨੀ, ਸਗਨਾਂ ਦਾ ਬਾਣਾ ਤੱਕ ਕੇ ਕਹਿੰਦਾ ਜੁਝਾਰ ਸਿੰਘ ਫੱਬਦਾ ਏ ਕਿੰਨਾ ਯੋਧਾ ਵੀਰ ਨੀ……” 

ਜਿਵੇਂ-ਜਿਵੇਂ ਮਾਂ ਗਾ ਰਹੀ ਸੀ ਉਵੇਂ-ਉਵੇਂ ਹੀ ਉਹ ਆਪਣੀਆਂ ਅੱਖਾਂ ਵਿਚੋਂ ਲਗਾਤਾਰ ਹੰਝੂ ਵਹਾ ਰਹੀ ਸੀ। ਮਨਵੀਰ ਨੇ ਮਾਂ ਕੋਲ ਜਾ ਕੇ ਪੁੱਛਿਆ, “ਕੀ ਗੱਲ ਆ ਬੇਬੇ?… ਕਿੰਨੇ ਸਾਲਾਂ ਤੋਂ ਮੈਂ ਵੇਖ ਰਿਹਾਂ… ਕਿ ਜਦੋਂ ਦਿਸੰਬਰ ਦੇ ਆਹ ਦਿਨ ਆਉਂਦੇ ਨੇ ਤਾਂ ਘਰੇ ਹਮੇਸ਼ਾਂ ਸਾਦੀ ਰੋਟੀ ਬਣਦੀ ਹੈ ਤੇ ਤੂੰ ਇਹਨਾਂ ਦਿਨਾਂ ਵਿਚ ਰੋਂਦੀ ਰਹਿਣੀ ਐਂ…… ਹੁਣ ਤਾਂ ਮੈਂ ਵੱਡਾ ਹੋ ਗਿਆਂ…… ਮੈਨੂੰ ਵੀ ਦੱਸ… ਪਿਛਲੇ ਸਾਲ ਤੂੰ ਕਹਿੰਦੀ ਸੀ ਜਦੋਂ ਤੂੰ ਵੱਡਾ ਹੋ ਗਿਆ, ਫੇਰ ਦੱਸੂੰਗੀ…… ਦੱਸ ਮਾਂ ਗੱਲ ਕੀ ਐ?” ਮਨਵੀਰ ਨੇ ਮਾਂ ਨੂੰ ਉਸ ਦਾ ਪਿਛਲੇ ਸਾਲ ਕੀਤਾ ਵਾਅਦਾ ਯਾਦ ਕਰਵਾਇਆ। ਮਨਵੀਰ 13-14 ਸਾਲਾਂ ਦਾ ਬੜਾ ਸਿਆਣਾ ਮੁੰਡਾ ਸੀ। ਉਸ ਦੇ ਮਾਤਾ ਪਿਆ ਗੁਰਸਿੱਖ ਸਨ। ਉਸ ਦਾ ਪਿਤਾ ਤਾਂ ਚਾਹੁੰਦਾ ਸੀ ਕਿ ਮਨਵੀਰ ਨੂੰ ਵੀ ਅੰਮ੍ਰਿਤ ਛਕਾ ਦਿਤਾ ਜਾਵੇ, ਪਰ ਮਾਂ ਨੇ ਕਿਹਾ ਅਜੇ ਇਸ ਨੁੰ ਥੋੜਾ ਵੱਡਾ ਹੋ ਲੈਣ ਦਿਓ, ਫੇਰ ਛਕਾ ਲਵਾਂਗੇ। ਮਨਵੀਰ ਦੀ ਮਾਂ ਦਾ ਸਾਰਾ ਪੇਕਾ ਪਰਿਵਾਰ ਗੁਰਮਤਿ ਦਾ ਧਾਰਨੀ ਸੀ। ਉਸ ਨੂੰ ਛੋਟੀ ਹੁੰਦੀ ਤੋਂ ਗੁਰਬਾਣੀ ਅਤੇ ਸਿਖ ਇਤਿਹਾਸ ਦੀ ਸਿੱਖਿਆ ਦਿੱਤੀ ਗਈ ਸੀ। ਮਨਵੀਰ ਦੇ ਨਾਨਾ ਜੀ ਬੜੀ ਸ਼ਰਧਾ ਭਾਵਨਾ ਵਾਲੇ ਗੁਰਸਿੱਖ ਸਨ। ਮਾਂ ਨੂੰ ਯਾਦ ਸੀ ਕਿ ਦਿਸੰਬਰ ਦੇ ਇਹਨਾਂ ਦਿਨਾਂ ਵਿਚ ਉਸ ਦੇ ਬਾਪੂ ਜੀ ਭੁੰਜੇ ਹੀ ਸੌਂਦੇ ਹੁੰਦੇ ਸਨ ਅਤੇ ਘਰੇ ਸਾਦਾ ਪ੍ਰਸ਼ਾਦਾ ਪਾਣੀ ਬਣਦਾ ਹੁੰਦਾ ਸੀ। ਉਹੀ ਪ੍ਰੰਪਰਾ ਮਨਵੀਰ ਦੀ ਮਾਂ ਨੇ ਆਪਣੇ ਸਹੁਰੇ ਘਰੇ ਵੀ ਜਾਰੀ ਰੱਖੀ ਹੋਈ ਸੀ। ਦਿਸੰਬਰ ਦੇ ਇਹਨਾਂ ਕਹਿਰੀ ਦਿਨਾਂ ਦਾ ਇਤਿਹਾਸ ਉਸ ਨੇ ਅਜੇ ਮਨਵੀਰ ਨੂੰ ਨਹੀਂ ਸੁਣਾਇਆ ਸੀ ਕਿਉਂਕਿ ਉਹ ਹਰ ਛੋਟੀ ਤੋਂ ਛੋਟੀ ਘਟਨਾਂ ਨੂੰ ਦਿਲ ’ਤੇ ਲਾ ਲੈਂਦਾ ਸੀ ਤੇ ਇਹ ਘਟਨਾਵਾਂ ਤਾਂ ਐਸੀਆਂ ਸਨ ਕਿ ਕਿਸੇ ਪੱਥਰ ਦਿਲ ਨੂੰ ਵੀ ਮੋਮ ਵਾਂਗ ਪਿਘਲਾ ਦਿੰਦੀਆਂ ਸਨ। ਉਸ ਦੀ ਮਾਂ ਨੇ ਸੋਚ ਲਿਆ ਸੀ ਕਿ ਅੱਜ ਉਹ ਮਨਵੀਰ ਨੂੰ ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਦੇ ਸਾਕੇ ਜਰੂਰ ਸੁਣਾਏਗੀ। ਸੋ ਉਸ ਨੇ ਮਨਵੀਰ ਨੂੰ ਕੋਲ ਬਿਠਾ ਲਿਆ ਤੇ ਦੱਸਣਾ ਸ਼ੁਰੂ ਕੀਤਾ ਕਿ ਕਿਉਂ ਉਸ ਦੇ ਇਹਨਾਂ ਦਿਨਾਂ ਵਿਚ ਅੱਥਰੂ ਵਹਿੰਦੇ ਰਹਿੰਦੇ ਸਨ ਤੇ ਕਿਉਂ ਉਹਨਾਂ ਦੇ ਘਰ ਸਾਦਾ ਭੋਜਨ ਬਣਦਾ ਸੀ। ਸ਼ਹੀਦੀਆਂ ਦੀਆਂ ਇਹ ਗਾਥਾਵਾਂ ਸੁਣਦੇ ਹੋਏ ਮਾਂ ਦੇ ਨਾਲ-ਨਾਲ ਮਨਵੀਰ ਵੀ ਕਈ ਵਾਰੀ ਰੋਇਆ। ਅੰਤ ਜ਼ਾਲਮ ਹਾਕਮਾਂ ਦੇ ਜ਼ੁਲਮਾਂ, ਭਰੋਸੇਮੰਦਾਂ ਦੀਆਂ ਗੱਦਾਰੀਆਂ ਅਤੇ ਯੋਧਿਆਂ ਦੀ ਸੂਰਮਤਾਈ ਦਾ ਇਹ ਸਾਰਾ ਇਤਿਹਾਸ ਸੁਣ ਕੇ ਮਨਵੀਰ ਦੇ ਲੂ ਕੰਢੇ ਖੜ੍ਹੇ ਹੋ ਗਏ। 

ਉਸ ਦਾ ਦਿਲ ਬੜੇ ਜ਼ੋਰ ਨਾਲ ਧੜਕ ਰਿਹਾ ਸੀ। ਉਹ ਚੁੱਪ ਚਪੀਤੇ ਉੱਠ ਕੇ ਆਪਣੇ ਮੰਜੇ ’ਤੇ ਜਾ ਕੇ ਪੈ ਗਿਆ। ਅੱਜ ਉਸ ਨੇ ਆਪਣੀ ਮਾਂ ਨੂੰ ਇਹ ਵੀ ਨਹੀਂ ਕਿਹਾ, “ਬੇਬੇ ਮੈਨੂੰ ਦੁੱਧ ਮੰਜੇ ’ਤੇ ਦੇ ਦੇਈਂ”।  

ਪੈਂਦ ਵੱਲ ਪਈ ਰਜ਼ਾਈ ਖਿੱਚ ਕੇ ਉਸ ਨੇ ਉੱਤੇ ਲੈ ਲਈ ਤੇ ਸੋਣ ਦੀ ਕੋਸ਼ਿਸ਼ ਕਰਨ ਲੱਗਾ। ਪਰ ਨੀਂਦ?…… ਨੀਂਦ ਅੱਜ ਉਸ ਨੂੰ ਏਨੀ ਛੇਤੀ ਨਹੀਂ ਆਉਣੀ ਸੀ। ਗੰਗੂ ਬਾਹਮਣ, ਵਜੀਰ ਖਾਨ ਤੇ ਸੁੱਚਾ ਨੰਦ ਉਸ ਦੀਆਂ ਅੱਖਾਂ ਮੂਹਰੇ ਉੱਚੀ-ਉੱਚੀ ਹੱਸਦੇ ਫਿਰਦੇ ਸਨ। ਕਾਫੀ ਦੇਰ ਬਾਅਦ ਜਦੋਂ ਉਸ ਦੀ ਮਾੜੀ ਜਹੀ ਅੱਖ ਲੱਗੀ ਤਾਂ ਉਸ ਨੂੰ ਇੱਕ ਢੱਠੀ ਹੋਈ ਲਹੂ ਲੁਹਾਣ ਕੰਧ ਦਿਖਾਈ ਦਿੱਤੀ। ਉਸ ਦੀਆਂ ਖਿੱਲਰੀਆਂ ਇੱਟਾਂ ਉੱਤੇ ਲਹੂ ਨਾਲ ਲੱਥ-ਪੱਥ ਕੇਸਰੀ ਬਾਣਿਆਂ ਵਿਚ ਦੋਹਾਂ ਛੋਟੇ ਸਾਹਿਬਜਾਦਿਆਂ ਦੀਆਂ ਦੇਹਾਂ ਪਈਆਂ ਸਨ। ਫੇਰ ਉਸ ਨੂੰ ਢਿਡੋਰਾ ਸੁਣਾਈ ਦਿੱਤਾ, 

“ਸੁਣੋ ਸੁਣੋ ਸੁਣੋ…… ਸੂਬਾ ਏ ਸਰਹੰਦ… ਨਵਾਬ ਵਜੀਰ ਖਾਨ ਦਾ ਹੁਕਮ ਹੈ ਕਿ ਸਰਹੰਦ ਦਾ ਕੋਈ ਵੀ ਵਾਸੀ ਹਕੂਮਤ ਦੇ ਬਾਗੀ ਗੋਬਿੰਦ ਸਿੰਘ ਦੇ ਇਨ੍ਹਾਂ ਕਾਫਰ ਬੱਚਿਆਂ ਦੀਆਂ ਲਾਸ਼ਾਂ ਨੂੰ ਹੱਥ ਨਹੀਂ ਲਗਾਏਗਾ। ਇਹਨਾਂ ਨੂੰ ਕਾਵਾਂ ਤੇ ਕੁੱਤਿਆਂ ਲਈ ਸੁਟਿਆ ਗਿਆ ਹੈ। ਜੇ ਕਿਸੇ ਨੇ ਇਹਨਾਂ ਲਾਸ਼ਾਂ ਨਾਲ ਕੋਈ ਹਮਦਰਦੀ ਵਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਘਾਣ ਬੱਚਾ ਪੀੜ ਦਿੱਤਾ ਜਾਏਗਾ…… ਡੁੱਗ…ਡੁੱਗ…ਡੁੱਗਗਗਗਗਗ”
ਡੁੱਗ-ਡੁੱਗ ਦੀ ਇਹ ਆਵਾਜ਼ ਸੁਣ ਕੇ ਮਨਵੀਰ ਤ੍ਰਭਕ ਕੇ ਉੱਠਿਆ। ਆਸੇ-ਪਾਸੇ ਦੇਖ ਕੇ ਉਸ ਨੂੰ ਪਤਾ ਲੱਗਿਆ ਕਿ ਇਹ ਤਾਂ ਸੁਪਨਾ ਸੀ। ਉਹ ਸੋਚਣ ਲੱਗਾ ਕਿ ਸਾਹਿਬਜਾਦਿਆਂ ਦੀਆਂ ਲਾਸ਼ਾਂ ਨਾਲ ਜ਼ਾਲਮਾਂ ਦਾ ਕੀ ਵੈਰ ਸੀ। ਕੋਈ ਏਨਾ ਜ਼ਾਲਮ ਕਿਵੇਂ ਹੋ ਸਕਦਾ ਹੈ। ਕੁਝ ਦੇਰ ਉਹ ਪਿਆ ਛੱਤ ਵੱਲ ਵੇਖਦਾ ਰਿਹਾ ਤੇ ਫੇਰ ਹੌਲੀ-ਹੌਲੀ ਉਸ ਦੀ ਅੱਖ ਲੱਗ ਗਈ, ਐਤਕੀਂ ਉਸ ਨੂੰ ਇੱਕ ਹੋਰ ਨਜ਼ਾਰਾ ਦਿਖਾਈ ਦਿੱਤਾ। ਉਸ ਨੇ ਰਜ਼ਾਈ ਘੁੱਟ ਕੇ ਉੱਪਰ ਲੈ ਲਈ ਕਿਉਂਕਿ ਠੰਡੇ ਬੁਰਜ਼ ਉੱਤੇ ਵਗਦੀ ਠੰਡੀ ਯਖ਼ ਹਵਾ ਨਾਲ ਉਸ ਨੂੰ ਠੰਡ ਲੱਗਦੀ ਮਹਿਸੂਸ ਹੋਈ। ਪਰ ਉਸੇ ਬੁਰਜ਼ ‘ਤੇ ਬਿਨਾਂ ਕਿਸੇ ਖੇਸ, ਕੰਬਲ ਜਾਂ ਗਰਮ ਕੱਪੜਿਆਂ ਤੋਂ ਦੋ ਮਾਸੂਮ ਇੱਕ ਬੁੱਢੀ ਮਾਂ ਦੀ ਗੋਦ ਵਿਚੋਂ ਨਿੱਘ ਲੈਣ ਦਾ ਯਤਨ ਕਰ ਰਹੇ ਸਨ ਤੇ ਨਾਲ ਹੀ ਪੁੱਛ ਰਹੇ ਸਨ, “ਦਾਦੀ ਸੇ ਬੋਲੇ ਅਪਨੇ ਸਿਪਾਹੀ ਕਿਧਰ ਗਏ, ਦਰਯਾ ਪੇ ਹਮੇਂ ਛੋੜ ਕੇ ਰਾਹੀ ਕਿਧਰ ਗਏ ਤੜਪਾ ਕੇ ਹਾਇ ਸੂਰਤਿ ਮਾਹੀ ਕਿਧਰ ਗਏ, ਅੱਭਾ ਭਗਾ ਕੇ ਲਸ਼ਕਰ ਸ਼ਾਹੀ ਕਿਧਰ ਗਏ” ਤੇ ਫੇਰ ਇੱਕਦਮ ਮਨਵੀਰ ਨੂੰ ਦਿਸਿਆ ਕਿ ਕੁਝ ਬਰਛਿਆਂ ਵਾਲੇ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਲਈ ਆਏ ਹਨ। ਜਦ ਸਾਹਿਬਜਾਦੇ ਤੁਰਨ ਲੱਗੇ ਤਾਂ ਦਾਦੀ ਬੋਲੀ, “ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸ਼ੋਂ ਕੋ ਕੰਘੀ ਕਰੂੰ ਮੂੰਹ ਧੁਲਾ ਤੋ ਲੂੰ, ਪਿਆਰੇ ਸਰੋਂ ਪੇ ਨੰਨ੍ਹੀ ਸੀ ਕਲਗੀ ਸਜਾ ਤੋਂ ਲੂੰ, ਮਰਨੇ ਸੇ ਪਹਿਲੇ ਤੁਮ ਕੋ ਮੈਂ ਦੁਲਹਾ ਬਨਾ ਤੋ ਲੂੰ” ਦਾਦੀ ਮਾਂ ਬੋਲਦੀ ਹੋਈ ਨਾਲ ਨਾਲ ਅੱਖਾਂ ਵਿਚੋਂ ਹੰਝੂ ਸਿੱਟ ਰਹੀ ਸੀ, “ਬੇਟੇ ਸੇ ਪਹਿਲੇ ਬਿਛੁੜੀ ਥੀ ਤੁਮ ਭੀ ਬਿਛੜ ਚਲੇ, ਬਿਗੜੇ ਹੂਏ ਨਸੀਬ ਯੇ ਜ਼ਯਾਦਾ ਬਿਗੜ ਗਏ ਬੇਰਹਿਮ ਦੁਸ਼ਮਨੋਂ ਕੇ ਤੁਮ ਹਾਥੋਂ ਮੇਂ ਪੜ ਚਲੇ, ਜ਼ੰਜੀਰ ਗ਼ਮ ਮੇਂ ਮੁਝ ਕੋ ਯਹਾਂ ਪਰ ਜਕੜ ਚਲੇ। ਬਿਹਤਰ ਥਾ ਤੁਮ ਸੇ ਪਹਲੇ ਮੈਂ ਦੇਤੀ ਪਰਾਨ ਕੋ, ਦੁਖ ਸੇ ਤੁਮ੍ਹਾਰੇ ਦੁਖ ਹੈ ਬਹੁਤ ਮੇਰੀ ਜਾਨ ਕੋ” 
ਏਨਾ ਸੁਣ ਕੇ ਸਾਹਿਬਜਾਦੇ ਬੋਲੇ, 

“ਰੁਖ਼ਸਤ ਦੋ ਅਬ ਖ਼ੁਸ਼ੀ ਸੇ ਕਿ ਜਾਨੇਂ ਫਿਦਾ ਕਰੇਂ, ਦੁਨੀਆਂ ਸੇ ਜ਼ਬਰੋ ਜ਼ੋਰ ਕਾ ਹਮ ਖ਼ਾਤਮਾਂ ਕਰੇਂ, ਹਾਸਲ ਸਰੋਂ ਕੋ ਦੇ ਕੇ ਖ਼ੁਦਾ ਕੀ ਰਜ਼ਾ ਕਰੇਂ, ਨਾਮ ਅਪਨੇ ਬਾਪ ਦਾਦੇ ਕਾ ਮਰ ਕਰ ਬੜਾ ਕਰੇਂ” 

……ਤੇ ਫੇਰ ਹੌਲੀ-ਹੌਲੀ ਕੰਧ ਚਿਣੀ ਜਾਣ ਲੱਗੀ। ਸੂਬਾ ਬੋਲਿਆ, “ਡਰੋ ਬੱਚਿਓ…… ਮੇਰੇ ਕਹਿਰ ਤੋਂ ਡਰੋ…… ਅਜੇ ਵੀ ਮੰਨ ਜਾਓ… ਇਸਲਾਮ ਕਬੂਲ ਕਰ ਲਵੋ… ਨਹੀਂ ਤਾਂ ਮੈਂ ਤੁਹਾਨੂੰ ਇਸ ਤਰ੍ਹਾਂ ਤੜਪਾ-ਤੜਪਾ ਕੇ ਮਾਰਾਂਗਾ ਜਿਹਾਂ ਕਿ ਤੁਸੀਂ ਸੁਪਨੇ ਵਿਚ ਵੀ ਕਦੇ ਨਹੀਂ ਸੋਚਿਆ ਹੋਵੇਗਾ……” 

ਪਰ ਸਾਹਿਬਜਾਦੇ ਬੇਖੌਫ ਬੋਲੇ, “ਰੋਕਾ ਜੋ ਜ਼ੁਲਮ ਸੇ ਤੋ ਮੁਸਲਮਾਂ ਬਿਗੜ ਗਏ, ਬੁੱਤ ਕੋ ਬੁਰਾ ਕਹਾ ਤੋ ਯੇ ਹਿੰਦੂ ਬਿਟਰ ਗਏ। ਤੇਗ਼ਾ ਨਿਕਾਲਾ ਹਮਨੇ ਸੋ ਸਭ ਜੋਸ਼ ਝੜ ਗਏ, ਚਿੜੀਓਂ ਸੇ ਬਾਜ਼ ਰਨ ਮੇਂ ਸ਼ਰਮ ਸੇ ਗਡ ਗਏ। ਫ਼ੌਜੋਂ ਪੇ ਨਾਜ਼ ਇਨ੍ਹੇਂ, ਉਨ੍ਹੇਂ ਦੇਵੀ ਕਾ ਮਾਨ ਹੈ, ਆਸ਼ਕ ਹੈਂ ਹਮ ਖ਼ੁਦਾ ਕੇ, ਹਥੇਲੀ ਪੇ ਜਾਨ ਹੈ”  

ਸੂਬੇ ਦੇ ਮੂੰਹ ’ਤੇ ਤਰੇਲੀਆਂ ਆ ਗਈਆਂ। ਉਹ ਸੋਚਣ ਲੱਗਾ, “ਯਾ ਖੁਦਾ! ਕਿਸ ਮਿੱਟੀ ਦੇ ਬਣੇ ਹੋਏ ਨੇ ਇਹ ਲੋਕ। ਏਨੀ ਛੋਟੀ ਉਮਰ ਤੇ ਏਡਾ ਵੱਡਾ ਸਿਰੜ।”  

ਫੇਰ ਮਨਵੀਰ ਨੂੰ ਦਿਸਿਆ ਕਿ ਜਦ ਕੰਧ ਕੱਢਣ ਵਾਲਾ ਮਿਸਤਰੀ ਤੇਸੇ ਨਾਲ ਇੱਟਾਂ ਤੋੜਣ ਲੱਗਾ ਤਾਂ ਇੱਕ ਆਵਾਜ਼ ਫਿਰ ਆਈ, “ਬੋਲੇ ਨੀਹਾਂ ’ਚੋਂ ਗੁਰੂ ਦੇ ਲਾਲ ਬੋਲੇ, ਸਾਡੇ ਲਹੂ ਨੂੰ ਏਥੇ ਨਚੋੜ ਕੇ ਲਾ, ਇੱਟਾਂ ਲਾ ਰਿਹੈਂ ਕਿ ਤੂੰ ਰੋ ਰਿਹੈਂ ਇੱਟ ਮਨ ਦੀ ਅਵਸਥਾ ਨੂੰ ਮੋੜ ਕੇ ਲਾ। ਇੱਟ ਤੋੜ ਨਾ ਗੋਡੇ ਨੂੰ ਤੋੜ ਦੇ ਤੂੰ, ਸਿੱਖੀ ਮਹਿਲ ਨੂੰ ਇੱਟ ਨਾ ਤੋੜ ਕੇ ਲਾ, ਇਹ ਹਿਲਾਇਆਂ ਨਾ ਹਿੱਲ ਸਕੇ ਕਿਸੇ ਕੋਲੋਂ ਓ ਠੋਕ ਠੋਕ ਕੇ ਲਾ ਜੋੜ ਜੋੜ ਕੇ ਲਾ। 

ਮਨਵੀਰ ਦੇ ਸਾਹ ਤੇਜ਼-ਤੇਜ਼ ਚੱਲ ਰਹੇ ਸਨ। ਉਸ ਨੇ ਤੱਕਿਆ ਕਿ ਸਹਿਬਜ਼ਾਦਿਆਂ ਦੀਆਂ ਅਰਥੀਆਂ ਨੂੰ ਮੋਢਾ ਦੇਣ ਵਾਲਾ ਸਾਰੀ ਸਰਹੰਦ ਵਿਚੋ ਕੋਈ ਨਹੀਂ ਸੀ ਬਹੁੜਿਆ। …… ਤੇ ਜੇ ਕਿਸੇ ਨੇ ਹਿੰਮਤ ਕੀਤੀ ਤਾਂ ਉਸ ਦਾ ਘਾਣ ਬੱਚਾ…… ਫੇਰ ਮਨਵੀਰ ਨੂੰ ਇੱਕ ਕੱਚੀ ਗੜ੍ਹੀ ਦਿਖਾਈ ਦਿੱਤੀ। ਇਹ ਚਮਕੌਰ ਦੀ ਗੜ੍ਹੀ ਸੀ। ਉਸ ਨੂੰ ਇੰਝ ਪ੍ਰਤੀਤ ਹੋਇਆ ਜਿਵੇਂ ਗੜ੍ਹੀ ਵਿਚੋਂ ਘੋੜੀ ਗਾਉਣ ਦੀਆਂ ਆਵਾਜ਼ਾਂ ਆ ਰਹੀਆਂ ਹੋਣ। ਇਹ ਉਹੀ ਘੋੜੀ ਸੀ ਜੋ ਉਸ ਦੀ ਮਾਂ ਗਾਉਂਦੀ ਹੁੰਦੀ ਹੈ, 

“ਰੂਪ ਲਾੜੇ ਦਾ ਏਦਾਂ ਚਮਕਾਂ ਪਿਆ ਮਾਰਦਾ ਧੁੱਪ ਵਿਚ ਜਿਵੇਂ ਸ਼ਮਸ਼ੀਰ ਨੀ ਬਣ ਕੇ ਸਰਵਾਲੇ ਬਹਿੰਦੇ ਘੋੜੀ ਦੀ ਪਿੱਠ ’ਤੇ ਹੁੰਦੇ ਜੇ ਦੋਵੇਂ ਨਿੱਕੇ ਵੀਰ ਨੀ ਕੈਸਾ ਵਿਆਹ ਕੈਸਾ ਜੰਝ ਦਾ ਢੁਕਾ ਨੀ ਲਾੜੇ ਦੀ ਕੇਹੀ ਤਕਦੀਰ ਨੀ ਮਿਲਣੀ ਦੇ ਵੇਲੇ ਹੋ ਸਨ ਆਤਿਸ਼ਬਾਜ਼ੀਆਂ ਬੈਠੇ ਨੇ ਸਹੁਰੇ ਤੋਪਾਂ ਬੀੜ ਨੀ ਮੌਤ ਲਾੜੀ ਨੂੰ ਪਰਨਾਵਨ ਚੱਲਿਆ ਮੇਰਾ ਅਜੀਤ ਸਿੰਘ ਵੀਰ ਨੀ” 

ਗੁਰੂ ਮਹਾਰਾਜ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਜੰਗ ਵਿਚ ਬੀਰਤਾ ਨਾਲ ਜੂਝਦੇ ਹੋਏ ਵੇਖ ਕੇ ਆਵਾਜ਼ ਲਗਾ ਕੇ ਕਿਹਾ, “ਸ਼ਾਬਾਸ਼ ਪਿਸਰ! ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨ ਹੋ ਗੋਬਿੰਦ ਕੇ ਫ਼ਰਜ਼ੰਦ ਬੜੇ ਹੋ” 
 ਵੱਡੇ ਵੀਰ ਅਜੀਤ ਸਿੰਘ ਦੀ ਪਿੱਠ ’ਤੇ ਹੋਇਆ ਵਾਰ ਦੇਖ ਕੇ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਤਿਗੁਰੂ ਅੱਗੇ ਆਣ ਖੜ੍ਹਾ ਹੋਇਆ ਤੇ ਹੱਥ ਬੰਨ੍ਹ ਕੇ ਕਹਿਣ ਲੱਗਾ,

“ਭਾਈ ਸੇ ਬਿਛੜ ਕਰ ਹਮੇਂ ਜੀਨਾ ਨਹੀਂ ਭਾਤਾ, ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ” 

ਇਸ ਤੋਂ ਪਹਿਲਾਂ ਕਿ ਪਾਤਸ਼ਾਹ ਕੁਝ ਕਹਿੰਦੇ, ਬਾਬਾ ਜੁਝਾਰ ਸਿੰਘ ਮੁੜ ਬੋਲੇ, 

“ਪਾਤਸ਼ਾਹ, ਮੈਂ ਦਾਦੇ ਪੜਦਾਦੇ ਦੀ ਪੱਗ ਨੂੰ ਦਾਗ਼ ਨਹੀਂ ਲੱਗਣ ਦਿਆਂਗਾ”  

ਮਨਵੀਰ ਨੂੰ ਫਿਰ ਇੱਕ ਆਵਾਜ਼ ਸੁਣਾਈ ਦਿੱਤੀ, 

“ਨੇਜ਼ੇ ਤੀਰਾਂ ਤਲਵਾਰਾਂ ਮੂਹਰੇ ਜਾਣ ਨੂੰ ਮੇਰਾ ਮਨ ਹੈ ਉਤਾਵਲਾ, ਛੇਤੀ ਤੋਰੋ ਮੈਨੂੰ ਜੰਗ ਦੇ ਮੈਦਾਨ ਨੂੰ ਮੇਰਾ ਮਨ ਹੈ ਉਤਾਵਲਾ” 

ਗੜ੍ਹੀ ਵਿਚ ਪਾਤਸ਼ਾਹ ਜੁਝਾਰ ਸਿੰਘ ਨੂੰ ਮੋਢਿਆਂ ਤੋਂ ਫੜ੍ਹ ਕੇ ਕਹਿ ਰਹੇ ਹਨ,  

“ਮਾਸੂਮ ਹੋ ਮਜ਼ਲੂਮ ਹੋ ਦੁਨੀਆਂ ਸੇ ਭਲੇ ਹੋ, ਲਖ਼ਤੇ ਦਿਲ ਗੋਬਿੰਦ ਹੋ, ਨਾਜ਼ੋਂ ਸੇ ਪਲੇ ਹੋ, ਦੁਨੀਆਂ ਹੂਈ ਅੰਧੇਰ ਜਬ ਆਂਖੋਂ ਸੇ ਟਲੇ ਹੋ, ਘਰ ਬਾਰ ਲੁਟਾ ਬਾਪ ਕਟਾ ਅਬ ਤੁਮ ਭੀ ਚਲੇ ਹੋ”

ਸਾਹਿਬਜ਼ਾਦਾ ਜੁਝਾਰ ਸਿੰਘ ਕਿ ਕਿਤੇ ਪਾਤਸ਼ਾਹ ਮੈਨੂੰ ਛੋਟਾ ਜਾਣ ਕੇ ਜੰਗ ਵਿਚ ਜਾਣ ਤੋਂ ਮਨ੍ਹਾ ਨਾ ਕਰ ਦੇਣ। ਉਹ ਬੋਲੇ, “ਜ਼ਿੰਦਾ ਚੁਨਾ ਜਾਨਾ ਭੀ ਤੋ ਆਸਾਨ ਨਹੀਂ ਹੈ, ਸਰਹੰਦ ਮੇਂ ਦੀ ਭਾਈਓ ਨੇ ਜਾਨ ਨਹੀਂ ਹੈ, ਕਿਉਂ ਮੁਝ ਕੋ ਧਰਮ ਯੁੱਧ ਕਾ ਕੁਛ ਧਯਾਨ ਨਹੀਂ ਹੈ, ਬੰਦੇ ਕੋ ਛੁਰੀ ਖਾਨੇ ਕਾ ਕਯਾ ਅਰਮਾਨ ਨਹੀਂ ਹੈ, ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ, ਖ਼ੁਦ ਬੜ੍ਹ ਕੇ ਗਲਾ ਤੇਗ਼ ਪਰ ਧਰਨਾ ਤੋ ਹੈ ਆਤਾ” 

ਗੁਰੂ ਮਹਾਰਾਜ ਸਾਹਿਬਜ਼ਾਦੇ ਦੀ ਇਹ ਗੱਲ ਸੁਣ ਕੇ ਕੁਝ ਮੁਸਕੁਰਾਏ ਤੇ ਕਹਿਣ ਲੱਗੇ, 

“ਰੋਕੇ ਸੇ ਕਭੀ ਸ਼ੇਰ ਕਾ ਬੱਚਾ ਭੀ ਰੁਕਾ ਹੈ, ਝੂਠੇ ਤੋ ਰੁਕੇ, ਕਯਾ ਕੋਈ ਸੱਚਾ ਭੀ ਰੁਕਾ ਹੈ” 

ਪਾਤਸ਼ਾਹ ਨੇ ਆਪਣੇ ਹੱਥੀ ਸਾਹਿਬਜ਼ਾਦੇ ਨੂੰ ਤਿਆਰ ਕੀਤਾ। “ਰੋਕਾ ਨਹੀਂ ਆਗ਼ਾਜ਼ ਸੇ ਬੋਲੇ ਗੁਰੂ ਗੋਬਿੰਦ, ਉਸ ਨੰਨ੍ਹੇ ਸੇ ਜਾਂਬਾਜ਼ ਸੇ ਬੋਲੇ ਗੁਰੂ ਗੋਬਿੰਦ ਲੋ ਆਓ ਤਨਿ ਪਾਕ ਪੇ ਹਥਿਆਰ ਸਜਾ ਦੇਂ, ਛੋਟੀ ਸੀ ਕਮਾਂ, ਨੰਨ੍ਹੀ ਸੀ ਤਲਵਾਰ ਸਜਾ ਦੇਂ” ਸ਼ਾਹਿਬਜ਼ਾਦਾ ਜੁਝਾਰ ਸਿੰਘ ਜਦੋਂ ਪਾਤਸ਼ਾਹ ਤੋਂ ਆਗਿਆ ਲੈ ਕੇ ਤੁਰਨ ਲੱਗੇ ਤਾਂ ਮਹਾਰਾਜ ਕੇ ਆਵਾਜ਼ ਦੇ ਕੇ ਫਿਰ ਕਿਹਾ,
 
“ਬੇਟਾ ਤੁਮ ਹੀ ਹੋ ਪੰਥ ਕੇ ਬੇੜੇ ਕੇ ਖਿਵੱਈਆ, ਸਰ ਭੇਂਟ ਕਰੋ ਤਾਂ ਕਿ ਚਲੇ ਧਰਮ ਕੀ ਨੱਈਆ ਲੇ ਦੇ ਕੇ ਤੁਮ ਹੀ ਬਚੇ ਥੇ ਮੇਰੇ ਗੁਲਸਨ ਕੇ ਬਕੱਈਆ, ਲੋ ਜਾਓ ਕਿ ਰਾਹ ਤਕਤੇ ਹੈਂ ਸਭ ਖ਼ਲਦ ਮੇਂ ਭੱਈਆ” 

ਬਾਬਾ ਜੁਝਾਰ ਸਿੰਘ ਨੇ ਜੰਗ ਵਿਚ ਐਸੇ ਜ਼ੌਹਰ ਦਿਖਾਏ ਕਿ ਦੁਸ਼ਮਨਾਂ ਨੂੰ ਭਾਜੜਾਂ ਪੈ ਗਈਆਂ। ਉਸ ਦੀ ਤੇਗ਼ ਨੇ ਜ਼ਾਲਮਾਂ ਦੇ ਆਹੂ ਲਾਹ ਦਿੱਤੇ, “ਦਸ ਬੀਸ ਕੋ ਜ਼ਖ਼ਮੀ ਕੀਆ ਦਸ ਬੀਸ ਕੋ ਮਾਰਾ, ਇਕ ਹਮਲੇ ਮੇਂ ਇਸ ਏਕ ਨੇ ਇੱਕੀਸ ਕੋ ਮਾਰਾ, ਖ਼ੱਨਾਸ ਕੋ ਮਾਰਾ ਕਭੀ ਇਬਲੀਸ ਕੋ ਮਾਰਾ, ਗੁਲ ਮਚ ਗਯਾ ਇਕ ਤਿਫਲ ਨੇ ਚਾਲੀਸ ਕੋ ਮਾਰਾ” ਹੁਣ ਮੁਗਲ ਸਿਪਾਹੀ, ਜਿਹੜੇ ਪਹਿਲਾਂ ਇਸ ‘ਬਾਬੇ’ ਨੂੰ ‘ਬੱਚਾ’ ਸਮਝਦੇ ਸਨ, ਇੱਕ ਦੂਜੇ ਨੂੰ ਕਹਿ ਰਹੇ ਸਨ,  

“ਬਚ ਬਚ ਕੇ ਲੜੋ ਕਲਗੀਓਂ ਵਾਲੇ ਕੇ ਪਿਸਰ ਸੇ, ਯਿਹ ਨੀਮਚਾ ਲਾਏ ਹੈਂ ਗੁਰੂ ਜੀ ਕੀ ਕਮਰ ਸੇ” 

ਏਨੇ ਨੂੰ ਇੱਕ ਤੀਰ ਸਾਹਿਬਜ਼ਾਦੇ ਦੇ ਸੀਨੇ ਵਿਚ ਲੱਗਿਆ। ਮਨਵੀਰ ਦਾ ਹਉਂਕਾ ਨਿਕਲ ਗਿਆ। ਉਸ ਨੂੰ ਚਾਰੇ ਪਾਸੇ ਲਾਲ-ਲਾਲ ਹੀ ਨਜ਼ਰ ਆ ਰਿਹਾ ਸੀ। ਇਹ ਸਾਹਿਬਜ਼ਾਦਿਆਂ ਦਾ ਲਹੂ ਸੀ। ਇੱਕਦਮ ਕਈ ਠਹਾਕਿਆਂ ਦੀਆਂ ਆਵਾਜ਼ਾਂ ਆਈਆਂ। ਗੰਗੂ ਬਾਹਮਣ, ਵਜੀਰ ਖਾਨ, ਸੁੱਚਾ ਨੰਦ ਉੱਚੀ-ਉੱਚੀ ਹੱਸ ਰਹੇ ਸਨ। ਓਧਰ ਗੜ੍ਹੀ ਵਿਚੋਂ ਇੱਕ ਇਲਾਹੀ ਆਵਾਜ਼ ਆ ਰਹੀ ਸੀ,
 
“ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥” 

ਕੋਈ ਗਾਉਂਦਾ ਪ੍ਰਤੀਤ ਹੋ ਰਿਹਾ ਸੀ, 

“ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਹਵੇਂ ਹੋ ਗਿਆ ਉਹ ਬੇਰਾ ਬੇਰਾ ਉਂਗਲੀ ਲਾ ਕੇ ਲੈ ਗਿਆ ਓਹਦਾ ਵੀਰ ਵਡੇਰਾ, ਹੱਥ ਬੰਨ੍ਹ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, 

“ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥ ਹੁਕਮ ਰਜ਼ਾਈ ਚਲਣਾ” ਜੋ ਕਰੇਂ ਚੰਗੇਰਾ, ਵਾਹ ਵਾਹ ਗੋਬਿੰਦ ਸਿੰਘ ਧੰਨ ਤੇਰਾ ਜੇਰਾ, ਪੰਥ ਵਸੇ ਮੈਂ ਉੱਜੜਾਂ ਮਨਿ ਚਾਓ ਘਨੇਰਾ” 

ਇਹ ਸਾਰੀ ਰਾਤ ਮਨਵੀਰ ਦੀ ਇਸੇ ਤਰ੍ਹਾਂ ਲੰਘੀ। ਸਵੇਰੇ ਉੱਠਦੇ ਸਾਰ ਉਸ ਨੇ ਆਪਣੀ ਮਾਂ ਨੂੰ ਕਿਹਾ, “ਬੇਬੇ ਮੈਂ ਸਰਹੰਦ ਤੇ ਚਮਕੌਰ ਸਾਹਿਬ ਜਾਣੈ…… ਦੱਸ ਕਦੋਂ ਜਾਵਾਂਗੇ……” ਉਸ ਦੀ ਮਾਂ ਨੂੰ ਪਤਾ ਸੀ ਕਿ ਉਹ ਜ਼ਰੂਰ ਜਾਣ ਦੀ ਜ਼ਿਦ ਕਰੇਗਾ, ਸੋ ਉਸ ਨੇ ਮਨਵੀਰ ਨੂੰ ਕਿਹਾ ਕਿ ਉਹ ਐਤਕੀਂ ਸ਼ਹੀਦੀ ਜੋੜ ਮੇਲੇ ’ਤੇ ਉੱਥੇ ਜਾ ਰਹੇ ਹਨ। ਸਰਹੰਦ ਜਾਂਦੇ ਹੋਏ ਰਸਤੇ ਵਿਚ ਉਸ ਦੀ ਮਾਤਾ ਨੇ ਉਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਸਭ ਕੁਝ ਸੁਣਾ ਦਿੱਤਾ ਤੇ ਸਾਹਿਬਜ਼ਾਦਿਆਂ ਦੇ ਕਾਤਲਾਂ ਨੂੰ ਬਾਬਾ ਜੀ ਵੱਲੋਂ ਦਿੱਤੀਆਂ ਗਈਆਂ ਸਜ਼ਾਵਾਂ ਬਾਰੇ ਵੀ ਦੱਸਿਆ। ਸਰਹੰਦ ਪਹੁੰਚ ਕੇ ਮਨਵੀਰ ਨੇ ਕੁਝ ਇੱਟਾਂ ਖਿੱਲਰੀਆਂ ਵੇਖੀਆਂ, ਓਹਨੂੰ ਦੂਰੋਂ ਕਿਸੇ ਦੇ ਗਾਉਂਣ ਦੀ ਆਵਾਜ਼ ਸੁਣਾਈ ਦਿੱਤੀ, “ਜੋਗੀ ਜੀ ਉਸ ਕੇ ਬਾਅਦ ਹੂਈ ਥੋੜੀ ਦੇਰ ਥੀ, ਬਸਤੀ ਸਰਹੰਦ ਸ਼ਹਿਰ ਕੀ ਈਟੋਂ ਕਾ ਢੇਰ ਥੀ” 

ਉਹ ਅਜੇ ਗੁਰਦੁਆਰੇ ਵਾਲੇ ਰਸਤੇ ’ਤੇ ਹੀ ਜਾ ਰਹੇ ਸਨ ਕਿ ਉਹਨਾਂ ਨੂੰ ਸ਼ਰਾਬ ਦੇ ਠੇਕੇ ਮੂਹਰੇ ਲੱਗੀ ਲੰਬੀ ਕਤਾਰ ਦਿਖਾਈ ਦਿੱਤੀ। ਇੱਕ ਮੁੰਡਾ, ਜਿਸਦੇ ਕੰਨਾਂ ਵਿਚ ਨੱਤੀਆਂ ਪਾਈਆਂ ਹੋਈਆਂ ਸਨ, ਉਹਨਾਂ ਕੋਲ ਦੀ ਲੰਘਿਆ ਤੇ ਜਾਂਦਾ ਹੋਇਆ ਪਾਨ ਦਾ ਥੁੱਕ ਸੁੱਟ ਗਿਆ। 

ਮਨਵੀਰ ਦਾ ਮਨ ਕੀਤਾ ਕਿ ਉਸ ਨੂੰ ਖੜ੍ਹਾ ਕੇ ਕਹੇ ਕਿ ਬਾਈ ਇਹ ਬਹੁਤ ਪਵਿੱਤਰ ਧਰਤੀ ਹੈ, ਇਸ ਧਰਤੀ ’ਤੇ ਸਾਹਿਬਜ਼ਾਦਿਆਂ ਦਾ ਲਹੂ ਡੁੱਲਿਆ ਹੈ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਏਥੇ ਥੁੱਕਦੇ ਨੂੰ…… ਅਜੇ ਉਹ ਸੋਚ ਹੀ ਰਿਹਾ ਸੀ ਕਿ ਗੁਰਦੁਆਰੇ ਦੇ ਸਪੀਕਰ ਵਿਚੋਂ ਕਿਸੇ ਢਾਡੀ ਦੀ ਆਵਾਜ਼ ਸੁਣਾਈ ਦਿੱਤੀ,  

“ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਯਾ ਹੂਆ ਜੀਵਤ ਕਈ ਹਜ਼ਾਰ” 

ਮਨਵੀਰ ਨੇ ਆਪਣੀ ਮਾਂ ਤੋਂ ਇਹਨਾਂ ਸਤਰਾਂ ਦੇ ਅਰਥ ਪੁੱਛੇ ਤੇ ਸੋਚਣ ਲੱਗਾ ‘ਕਿਨ ਪੁਤਰਨ’ ਤੋਂ…… ਕਿੰਨ੍ਹਾਂ ਪੁੱਤਰਾਂ ਤੋਂ ਗੁਰੂ ਨੇ ਚਾਰ ਵਾਰੇ……? ਇਹਨਾਂ ਤੋਂ ਜਿਹੜੇ ਠੇਕੇ ਮੂਹਰੇ ਕਤਾਰ ਲਗਾਈ ਖੜ੍ਹੇ ਹਨ…… ਜਾਂ ਇਹਨਾਂ ਤੋਂ ਜਿਹੜੇ ਏਸ ਪਵਿਤਰ ਧਰਤੀ ਨੂੰ ਤੰਬਾਕੂ ਦੇ ਥੁੱਕ ਨਾਲ ਪਲੀਤ ਕਰ ਰਹੇ ਨੇ…… ਤੇ ਜਾਂ ਫਿਰ ਉਹਨਾਂ ਤੋਂ ਜਿਹੜੇ ਮੇਲੇ ਵਿੱਚ ਤੁਰੀਆਂ ਜਾਂਦੀਆਂ ਕੁੜੀਆਂ ਦੀਆਂ ਪਿੱਠਾਂ ‘ਤੇ ਚੂੰਢੀਆਂ ਵੱਢ ਰਹੇ ਨੇ…… ਕਿਹਨਾਂ ਪੁੱਤਰਾਂ ਤੋਂ…… ਉਸ ਨੂੰ ਇਹਨਾਂ ਬੇਜ਼ਮੀਰਿਆਂ ਤੇ ਅਕ੍ਰਿਤਘਣਾਂ ’ਤੇ ਬਹੁਤ ਖਿਝ ਚੜ੍ਹ ਰਹੀ ਸੀ। ਉਹ ਆਪਣੀ ਮਾਂ ਨੂੰ ਕਹਿਣ ਲੱਗਾ, “ਮਾਂ ਮੇਰਾ ਜੀ ਕਰਦੈ ਕਿ ਮੈਂ ਵੀ ਓਦੋਂ ਹੀ ਜੰਮਿਆ ਹੁੰਦਾ ਤੇ ਬਾਬਾ ਬੰਦਾ ਸਿੰਘ ਜੀ ਦੀ ਫੌਜ਼ ਵਿਚ ਭਰਤੀ ਹੋ ਕੇ ਜ਼ਾਲਮਾਂ ਨੂੰ ਮਾਰਦਾ……” “ਜ਼ਾਲਮ ਤਾਂ ਅਜੇ ਵੀ ਬਥੇਰੇ ਨੇ ਪੁੱਤ…… ਜ਼ਾਲਮ ਖਤਮ ਨਹੀਂ ਹੋਏ ਤੇ ਉਹਨਾਂ ਦੇ ਜ਼ੁਲਮ ਵੀ ਅਜੇ ਜਾਰੀ ਹਨ…… ਬਸ ਲੋੜ ਤਾਂ ਉਹਨਾਂ ਨੂੰ ਪਛਾਣਨ ਦੀ ਹੈ……” ਮਨਵੀਰ ਦੇ ਬਾਪੂ ਜੀ ਅਜੇ ਬੋਲ ਹੀ ਰਹੇ ਸਨ ਕਿ ਉਹਨਾਂ ਕੋਲ ਦੀ ਬੜੀ ਤੇਜ਼ੀ ਨਾਲ ਕਈ ਹੂਟਰਾਂ ਵਾਲੀਆਂ ਗੱਡੀਆਂ ਲੰਘੀਆਂ। ਸੱਚਮੁੱਚ ਮਨਵੀਰ ਨੂੰ ਇਹਨਾਂ ਗੱਡੀਆਂ ਵਿਚ ਬੈਠੇ ਲੋਕਾਂ ਦੀਆਂ ਸ਼ਕਲਾਂ ਔਰੰਗਜ਼ੇਬ ਤੇ ਵਜ਼ੀਰ ਖ਼ਾਨ ਨਾਲ ਮਿਲਦੀਆਂ ਲੱਗੀਆਂ। ਉਸ ਨੇ ਆਸੇ ਪਾਸੇ ਦੇਖਿਆ ਤਾਂ ਉਸ ਨੂੰ ਕਈ ਗੰਗੂ ਤੇ ਸੁੱਚਾ ਨੰਦ ਤੁਰੇ ਫਿਰਦੇ ਤੇ ਠਹਾਕੇ ਲਗਉਂਦੇ ਨਜ਼ਰ ਆਏ…… ਜਿਹਨਾਂ ਵਿਚੋਂ ਕੁਝ ਦੂਰ ਟੈਟ ਵਿਚ ਲੱਗੀ ਆਰਕੈਸਟਰਾ ਵਾਲੀ ਦੀਆਂ ਤਾਰੀਫਾ ਕਰ ਰਹੇ ਸਨ, ਕੁਝ ਭੰਗ ਦੇ ਪਕੌੜਿਆਂ ਦੀ ਸਿਫਤ ਤੇ ਕੁਝ ਬਸ ਰਾਜਨੀਤੀਵਾਨਾਂ ਦੀ ‘ਜ਼ਿੰਦਾਬਾਦ-ਮੁਰਦਾਬਾਦ’ ਕਰਨ ਵਿਚ ਹੋਏ ਲੱਗੇ ਹੋਏ ਸਨ। ਇਹ ਸਾਰੇ ਉਸ ਨੂੰ ਗੰਗੂ ਤੇ ਸੁੱਚਾ ਨੰਦ ਜਾਪੇ। ਇਹ ਸਭ ਵੇਖ ਕੇ ਉਹ ਕਾਫੀ ਉਦਾਸ ਹੋ ਗਿਆ ਸੀ…… ਇੱਕਦਮ ਉਸ ਦੀ ਨਜ਼ਰ ਸਾਹਮਣੇ ਲੱਗੇ ਵਿਚ ਵੱਡੇ ਪੋਸਟਰ ’ਤੇ ਪਈ…… ਜਿਸ ਵਿਚ ਇੱਕ ਯੋਧਾ ਹੱਥ ਵਿਚ ਤੀਰ ਲਈ ਖਲੋਤਾ ਸੀ ਤੇ ਉਸ ਦੇ ਨਾਲ ਕੁਝ ਹੋਰ ਯੋਧਿਆਂ ਦੀਆਂ ਤਸਵੀਰਾਂ ਸਨ…… ਇਸੇ ਵੇਲੇ ਉਸ ਦੇ ਬਾਪੂ ਜੀ ਬੋਲ ਰਹੇ ਸਨ, ‘ਚਿਹਾ ਸ਼ੁਦ ਕਿ ਚੂੰ ਬਚਗ਼ਾਂ ਚਾਰ ਕਿ ਬਾਕੀ ਬੇਮਾ ਦਸਤ ਪੇਚੀਦਾ ਮਾਰ” ਮਨਵੀਰ ਤਸਵੀਰ ਉੱਤੇ ਲਿਖੀਆਂ ਸਤਰਾਂ ਪੜ੍ਹ ਰਿਹਾ ਸੀ, 

“ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀਂ ਨਾ ਕਿਲੇ ਅਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ, ਜਿਨ੍ਹਾਂ ਕੰਧ ਸਰਹੰਦ ਦੀ ਤੋੜਣੀ ਏਂ ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਅੰਗੂਠਾ ਲਾਇਆ ਨਈ ਜਿਨ੍ਹਾਂ ਬੇਦਾਵਿਆਂ ’ਤੇ ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ”





Spl Thanks to
ਜਗਦੀਪ ਸਿੰਘ ਫਰੀਦਕੋਟ




No comments: