MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Thursday, December 24, 2009

ਵਿਖਾਵੇ ਵਿੱਚ ਉਜੜ ਰਿਹਾ ਪੰਜਾਬ

" ਵਿਖਾਵੇ ਵਿੱਚ ਉਜੜ ਰਿਹਾ ਪੰਜਾਬ "ਇਕ ਛੋਟੀ ਜਿਹੀ ਘਟਨਾ ਤੋਂ ਗੱਲ ਸ਼ੁਰੂ ਕਰਦੇ ਹਾਂ। ਹਫਤਾ ਕੁ ਪਹਿਲਾਂ ਦੀ ਗੱਲ ਹੈ ਕਿ ਜਦ ਮੈ ਪੰਜਾਬ ਆਇਆ ਤਾਂ ਸੈੱਲ ਫੋਨ ਵਿੱਚ ‘ਸਿਮ’ ਪਵਾਉਂਣ ਗਿਆ। ਨਾਲ ਮੇਰੀ ਪਤਨੀ ਦੇ ਤਾਏ ਦਾ ਪੁੱਤਰ ਸੀ। ਮੇਰੇ ਕੋਲੇ ਟਰੰਟੋ ਤੋਂ ਹੀ ਖੜਿਆ ਨੋਕੀਆ ਦਾ ਸਾਦਾ ਜਿਹਾ ਫੋਨ ਸੀ। ਨਾਲ ਵਾਲਾ ਕਹਿਣ ਲੱਗਾ ਕਿ ‘ਭਾਅਜੀ ਬੜਾ ਮਾੜਾ ਜਿਹਾ ਫੋਨ ਲਿਆਂਦਾ ਜੇ’! ਪਰ ਗੱਲ ਤੇ ਇਹ ਕਰ ਲੈਂਦਾ ਹੈ। ਮੇਰੇ ਕਹਿਣ ਤੇ ਕਹਿਣ ਲੱਗਾ ਕਿ ਗੱਲ ਤਾਂ ਕਰ ਲੈਂਦਾ ਹੈ ਪਰ ਫਿਰ ਵੀ …. . ਪਰ ਫਿਰ ਵੀ ਤੋਂ ਅੱਗੇ ਉਸ ਨੂੰ ਕੋਈ ਢੁੱਕਵਾਂ ਲਫਜ ਨਾ ਲੱਭਾ ਪਰ ਕਹਿਣਾ ਉਹ ਇਹ ਚਾਹੁੰਦਾ ਸੀ ਕਿ ਪਰ ਫਿਰ ਵੀ ਲੋਕ ਤਾਂ ਦੇਖਣ ਕਿ … ਪਤਨੀ ਦੇ ਭਰਾ ਦਾ ਵਿਆਹ ਸੀ ਇਹ ਤਿੰਨ ਟੱਬਰ ਇਕੱਠੇ ਯਾਨੀ ਨਾਲੋ ਨਾਲ ਹੀ ਹਨ। ਆਲੇ ਦੁਆਲੇ ਨੇ ਸ਼ਹਿਰ ਦੀਆਂ ਗੇੜੀਆਂ ਨਹੀ ਕਿਤੇ ਸਿੱਧੀਆਂ ਜਿਹੀਆਂ ਦਿੱਤੀਆਂ। ਕਾਹਦੇ ਲਈ? ਫਲਾਂ ਨੇ ਕਿਹੜਾ ਕੋਟ ਪੈਂਟ ਸਵਾਂਇਆ। ਫਲਾਂਣੀ ਨੇ ਕਿਹੜਾ ਸੂਟ ਤੇ ਕਿੰਨਾ ਮਹਿੰਗਾ ਲਿਆਂਦਾ ਹੈ। ਉਹ ਇੱਕ ਦੂਜੇ ਨੂੰ ਦੇਖਦੇ ਹਨ ਕਿ ਪਹਿਲਾਂ ਉਹ ਸਵਾਂਏ, ਪਹਿਲਾਂ ਉਹ ਲਿਆਏ ਯਾਨੀ ਬਾਅਦ ਵਿੱਚ ਜਿਹੜਾ ਮੇਰੇ ਕੋਲ ਹੋਵੇ ਇਨ੍ਹਾਂ ਵਿਚੋਂ ਕਿਸੇ ਕੋਲ ਨਹੀ ਹੋਣਾ ਚਾਹੀਦਾ। ਬੀਬੀਆਂ ਕਈ ਥਾਈਂ ਜਾਂਦੀਆਂ ਫਿਰ ਕੇ ਆ ਜਾਂਦੀਆਂ ਕਿਉਂਕਿ ਹਾਲੇ ਨਾਲ ਵਾਲੀ ਨੇ ਕੁੱਝ ਨਹੀ ਸੀ ਲਿਆ। ਅਸੀਂ ਕਹਿੰਨੇ ਪੰਜਾਬ ਉਜੜ ਰਿਹੈ, ਪੰਜਾਬ ਖੁਦਕਸ਼ੀਆਂ ਦੇ ਰਾਹੇ ਪੈ ਰਿਹੈ ਪਰ ਇਥੇ ਸਮਝ ਆਉਂਦੀ ਕਿਉਂ ਪੈ ਰਿਹੈ। 10-10 ਹਜਾਰ ਦਾ ਇੱਕ ਕੋਟ! ਕੇਵਲ ਇੱਕ ਦਿਨ ਦੇ ਵਿਆਹ ਲਈ ਦੂਜਾ ਥੋੜਾ ਸਸਤਾ ਸ਼ਗਨ ਵਾਲੇ ਦਿਨ ਲਈ. . ? ਇੱਕ ਬੀਬੀ ਨੇ 84 ਸੌ ਦਾ ਇੱਕ ਸੂਟ ਲਿਆ ਉਸ ਨੂੰ ਅਗਲੇ ਦਿਨ ਪਤਾ ਲੱਗਾ ਕਿ ਅਗਲੇ ਘਰਵਾਲੀ ਨੇ 11 ਹਜਾਰ ਦੀ ਸਾੜੀ ਲੈ ਆਂਦੀ ਹੈ ਤੇ ਹੁਣ ‘ਤਾਏ ਦੀ ਧੀ ਚਲੀ’ ਵਾਲੀ ਕਹਾਣੀ ਸ਼ੁਰੂ ਹੋ ਗਈ। ਮੇਰੀ ਪਤਨੀ ਦੇ ਭਰਾ ਤੋਂ ਥੋੜੇ ਦਿਨ ਬਾਅਦ ਉਨ੍ਹਾ ਦੇ ਸਕਿਆਂ ਚੋਂ ਮੁੰਡੇ ਦਾ ਵਿਆਹ ਸੀ ਜਿਹੜਾ ਨਾਰਵੇ ਦੀ ਇੱਕ ਕੁੜੀ ਨਾਲ ਮੰਗਿਆ ਹੋਇਆ ਸੀ। ਪਤਨੀ ਦਾ ਭਰਾ ਹਾਲੇ ਅਮਰੀਕਾ ਸੀ ਛੁੱਟੀ ਕਾਰਨ ਉਨ ਐਨ ਮੌਕੇ ਤੇ ਹੀ ਆਉਂਣਾ ਸੀ ਉਹ ਉਥੇ ਬੈਠਾ ਇਥੋਂ ਵਾਲਿਆਂ ਨੂੰ ਪੁੱਛ ਰਿਹੈ ਕਿ ਉਸ ਪੈਲਸ ਕਿਹੜਾ ਕੀਤਾ, ਬੈਂਡ ਕਿਹੜਾ ਕੀਤਾ, ਘੋੜੀ ਕਿਹੜੀ ਹੈ? ਤੁਸੀਂ ਹੈਰਾਨ ਹੋਵੋਂਗੇ ਕਿ ਨਾਰਵੇ ਦੀ ਕੁੜੀ ਵਾਲਾ ਮੁੰਡਾ ਚਿੱਟਾ ਨਿੱਧੜਕ ਵਿਹਲਾ ਉਹ ਕਹਿ ਰਿਹਾ ਸੀ ਮੈਂ ਘੋੜੀ ਉਹ ਕਰਨੀ ਜਿਹੜੀ ਫਲਾਂ ਦੇ ਵਿਆਹ ਤੇ ਕੀਤੀ ਸੀ ਤੇ ਉਸ ਉਪਰ ਇੱਕ ਘੰਟੇ ਦਾ 25 ਹਜਾਰ ਲੱਗਣਾ ਸੀ ਤੇ ਉਸ ਘੋੜੀ ਨੇ ਜਲੰਧਰੋਂ ਅੰਮ੍ਰਤਿਸਰ ਆਉਂਣਾ ਸੀ! ਕੋਟ-ਪਿੰਟ ਉਸਨੂੰ ਨੇੜਿਓਂ ਲੱਭਾ ਹੀ ਨਹੀ ਉਹ ਦਿੱਲੀਓਂ ਕੋਟ ਪਿੰਟ ਲੈਣ ਗਿਆ ਹੋਇਆ ਸੀ। ਪਿਓ ਮੁੰਡੇ ਦਾ ਮੈਨੂੰ ਜਦ ਮਿਲਿਆ ਤਾਂ ਮੈ ਕਿਹਾ ਇਹ ਕੀ ਮਾਜਰਾ ਬਈ ਕੰਮ ਇਹ ਕਰਦਾ ਕੋਈ ਨਹੀ ਇਹ ਉਜਾੜਾ ਕਿਉਂ? ਉਹ ਅੱਗੋਂ ਹੀ, ਹੀ, ਕਰਕੇ ਕਹਿਣ ਲੱਗਾ ਕਿ ਭਾਅਜੀ! ਕੀ ਕਰੀਏ ਮੁੰਡਾ ਆਖੇ ਨਹੀ ਲੱਗਦਾ ਐਵੇਂ ਵਾਯਾਤ ਖਰਚ ਕਰਵਾ ਰਿਹਾ ਹੈ ਜੇ ਕਹਾਂ ਤਾਂ ਕਹਿੰਦਾ ਮੈ ਵਿਆਹ ਹੀ ਨਹੀ ਕਰਾਉਂਣਾ! ਇਥੇ ਹੁਣ ਉਹ ‘ਜੱਟ’ ਤਾਂ ਰਿਹਾ ਨਹੀ ਜਿਹੜਾ ਕਹੂ ਮਾਰ ਛਾਲ ਕੋਠੇ ਤੋਂ ਮੈਂ ਦਿੰਨਾ ਧੱਕਾ! ! ਪਤਨੀ ਦੇ ਭਰਾ ਨੂੰ ਜਦ ਪਤਾ ਲੱਗਾ ਕਿ ਉਸ ਨੇ ਸ਼ਗਨ ‘ਪੰਜਾਬੀ ਬਾਗ’ ਵਿੱਚ ਲਾਉਂਣਾ ਹੈ ਜਿਹੜਾ ਅੰਮ੍ਰਤਿਸਰ ਦਾ ਕਾਫੀ ਮਹਿੰਗਾ ਪੈਲਸ ਹੈ ਤਾਂ ਉਸ ਉਥੇ ਬੈਠੇ ‘ਹੁਕਮ’ ਕੀਤਾ ਕਿ ਮੇਰਾ ਸ਼ਗਨ ਹਵੇਲੀ ਪੈਲਸ ਵਿੱਚ ਲੱਗਣਾ ਚਾਹੀਦਾ ਜਿਹੜਾ ਹਾਲੇ ਨਵਾਂ ਹੀ ਬਣਿਆ ਤੇ ਜਿਸ ਵਿੱਚ ਹਾਲੇ ਤੱਕ ਇਕੋ ਹੀ ਪ੍ਰੋਗਰਾਮ ਹੋਇਆ ਤੇ ਉਸ ਦਾ ਦਿਹਾੜੀ ਦਾ ਕਿਰਾਇਆ ਡੇੜ੍ਹ ਲੱਖ ਰੁਪਇਆ ਹੈ! ਵਿਚੋਲਾ, ਜਿਹੜਾ ਕਿ ਉਸ ਦੇ ਮਾਮੇ ਦਾ ਹੀ ਪੁੱਤਰ ਹੈ, ਉਸ ਦਾ ਫੋਨ ਜਾਂਦਾ ਹੈ ਕਿ ‘ਜੱਟਾ’ ਆਪਾਂ ਸ਼ਰਾਬ ਮਾੜੀ ਨਹੀ ਪਾਉਂਣੀ ਕੁੜੀ ਵਾਲੇ ਕੀ ਆਖਣਗੇ ਮੁੰਡਾ ਅਮਰੀਕਾ ਤੋਂ ਹੈ? ਤੇ ਉਸ ਜਿਹੜੀ ਢਾਈ ਸੌ ਦੀ ਬੋਤਲ ਆਉਂਣੀ ਸੀ ਛੇ ਸੌ ਵਾਲੀ ਵਿੱਚ ਬਦਲ ਦਿੱਤੀ। ਮੈ ਉਸ ਨੂੰ ਫੋਨ ਤੇ ਬੜਾ ਸਮਝਾਇਆ ਕਿ ਤੁਹਾਡਾ ਬੇੜਾ ਬਹਿਜੇ ਸ਼ਰਮ ਕਰੋ, ਸਿਰ ਤੋਂ ਕੰਮ ਲਵੋ ਕਿਉਂ ਤੁਸੀਂ ਫੁੱਕਰੇਪਨ ਵਿੱਚ ਉਜੜਨ ਤੇ ਲੱਕ ਬੰਨਿਆ ਹੈ। ਲੋਕਾਂ ਪੀ ਕੇ ਮੂਤ ਕੇ ਅਗਾਂਹ ਜਾਣਾ ਹੈਥੇ ਟਰੱਕ ਤੇ ਢੂਈ ਕੁਟਾਉਂਦਾ ਰਹਿੰਦਾ ਲੋਕਾਂ ਨੂੰ ਮਹਿੰਗੀ ਸ਼ਰਾਬ ਪਿਆਉਂਣ ਨੂੰ? ਸਾਰੇ ਟੱਬਰ ਨਾਲ ਮੱਥਾ ਮਾਰਿਆ ਕਿ ਚਲੋ ਵਿਆਹ ਵਧੀਆ ਕਰੋ ਪਰ ਕੇਵਲ ਵਿਖਾਵੇ ਕਾਰਨ ਉੱਜੜੋ ਨਾਂ। ਪੰਜਾਬ ਦੇ ਪੱਲੇ ਤਾਂ ਪਹਿਲਾਂ ਹੀ ਕੱਖ ਨਹੀ ਰਿਹਾ ਸਿਵਾਏ ਵਿਖਾਵੇ ਤੋਂ। ਜ਼ਮੀਨਾ ਮਹਿੰਗੀਆਂ, ਕੀਲਾ ਵੇਚ ਕੇ ਕੋਠੀ ਪਾ ਲੈਂਦੇ ਨੇ ਤੇ ਦੂਜਾ ਵੇਚ ਕੇ ਮਹਿੰਗੀ ਕਾਰ ਲਿਆ ਕੇ ਘਰ ਮੂਹਰੇ ਖੜੀ ਕਰ ਲੈਂਦੇ ਨੇ ਪਰ ਕਿਤੇ ਜਾਣਾ ਹੁੰਦਾ ਸਕੂਟਰ ਲੱਭਦੇ ਫਿਰਦੇ ਹੁੰਦੇ ਕਿਉਂਕਿ ਕਾਰ ਦੇ ਤੇਲ ਜੋਗੇ ਪੈਸੇ ਕਿਥੋਂ ਆਉਂਣ ਜਦ ਕੋਈ ਕੰਮ ਨਹੀ ਕਰਨਾ। ਉਨ੍ਹਾ ਨੂੰ ਜਦ ਬਈਆਂ ਦੇ ਚੜ੍ਹੇ ਆ ਰਹੇ ਕਟਕਾਂ ਬਾਰੇ ਦੱਸੀਦਾ ਹੈ ਤਾਂ ਉਹ ਅਗੋਂ ਚੌੜੇ ਹੋ ਕੇ ਕਹਿੰਦੇ ‘ਲੈ ਭਾਅਜੀ! ਉਡਾ ਦਿਆਂਗੇ ਬੂੰਦੀਆਂ ਐਡੀ ਲੁੱਟ ਪਈ ਆ’। ਇਨ੍ਹਾ ਕਮਲਿਆਂ ਨੂੰ ਇਹ ਨਹੀ ਪਤਾ ਕਿ ‘ਬੂੰਦੀਆਂ’ ਤੁਸੀਂ ਕਹਦੇ ਨਾਲ ਉਡਾ ਦਿਉਂਗੇ ਬਾਬੇ ਭਿੰਡਰਾਂ ਵਾਲੇ ਦੇ ਕਹਿਣ ਵਾਂਗੂੰ ਫਰਿੱਜਾਂ ਟੀਵੀਆਂ ਨਾਲ? ਮੇਰੇ ਹੁੰਦਿਆਂ ਹੀ ਹਾਲੇ ਕੱਲ੍ਹ ਹਿੰਦੂਆਂ ਵਲੋਂ ਪੰਜਾਬ ਬੰਦ ਰਿਹਾ। ਕਿਉਂ? ਅੱਖੇ ਬਾਬਾ ਜਰਨੈਲ ਸਿੰਘ ਦੀ ਫੋਟੋ ਅਜਾਇਬ ਘਰ ਵਿੱਚ ਨਹੀ ਲੱਗਣ ਦੇਣੀ। ਤੁਹਾਡੇ ਅਪਣੇ ਘਰ ਤੁਹਾਡੇ ਫੈਸਲੇ ਉਹ ਕਰਦੇ ਨੇ ਤੁਸੀਂ ਜਾਵੋਂਗੇ ਕਿਧਰ? ਪਰ ਇਥੇ ਬੇਫਿਕਰ ਪੰਜਾਬ, ਬੰਦ ਵਾਲੇ ਦਿਨ ਵੀ ਮਹਿੰਗੇ ‘ਕੋਟਾਂ-ਪਿੰਟਾਂ’ ਦੇ ਮੇਚੇ ਦਿੰਦਾ ਫਿਰ ਰਿਹੈ। ਮੇਰੀ ਮਾਸੀ ਦੇ ਪੁੱਤਰ ਦਾ ਤਰਨ-ਤਾਰਨ ਰੋਡ ਤੇ ਢਾਬਾ ਹੈ ਉਥੇ ਕੰਮ ਕਰਦੇ ਭਈਏ ਨੂੰ ਮੈ ਪੁੱਛਿਆ ਕਿ ਕਿੰਨਾ ਚਿਰ ਹੋਇਆ ਪੰਜਾਬ ਆਏ ਨੂੰ। ਉਸ ਦੱਸਿਆ ਕਿ ਹਾਲੇ ਤਿੰਨ ਮਹੀਨੇ। ਉਸ ਨੂੰ ਜਦ ਮੈ ਪੁੱਛਿਆ ਕਿ ਤੈਨੂੰ ਇਥੇ ਪੰਜਾਬ ਕੌਣ ਲੈ ਕੇ ਆਇਆ ਹੈ ਤਾਂ ਉਹ ਕਹਿਣ ਲੱਗਾ ਕਿ ਕੁੱਝ ਲੋਗ ਸਾਡੇ ‘ਗਾਓਂ’ ਗਏ ਸਨ ਉਹ ਕਹਿਣ ਲੱਗੇ ਕਿ ਪੰਜਾਬ ਵਿੱਚ ਬਹੁਤ ਕੰਮ ਹੈ ਚਲੋ ਤੁਹਾਨੂੰ ਉਥੇ ਲੈ ਕੇ ਚਲਦੇ ਹਾਂ। ਉਸ ਨੂੰ ਪੂਰਾ ‘ਉਧੇੜਨ’ ਤੋਂ ਬਾਅਦ ਜੋ ਗੱਲ ਮੇਰੀ ਸਮਝ ਆਈ ਕਿ ਉਸ ਨੂੰ ਕਿਸੇ ਉਸ ਦੇ ਜਾਣੂੰ ਨੇ ਨਹੀ ਸੀ ਲਿਆਂਦਾ ਨਾ ਕਿਸੇ ਰਿਸ਼ਤੇਦਾਰ ਨੇ ਬਲਕਿ ਕੁੱਝ ਲੋਕ ਜਥੇਬੰਦਕ ਰੂਪ ਵਿੱਚ ਉਨ੍ਹਾਂ ਨੂੰ ਪੰਜਾਬ ਢੋਣ ਵਿੱਚ ਲੱਗੇ ਹੋਏ ਹਨ ਪਰ ਪੰਜਾਬ. . ? ਕੱਟੜਾ ਜੈਮਲ ਸਿੰਘ ਰਿਹੜੀ ਵਾਲੇ ਦੋ ਭਈਏ ਸਲਾਹ ਕਰ ਰਹੇ ਹਨ ਕਿ ਆਹ ਸਰਦਾਰ ਆ ਰਿਹੈ ਇਸ ਨੂੰ ਅੱਜ ਆਪਾਂ ਰਿਹੜੀ ਨਹੀ ਇਥੇ ਲਾਉਂਣ ਦੇਣੀ ਅਪਣੇ ਧੰਦੇ ਨੂੰ ਨੁਕਸਾਨ ਹੈ। ਜਦ ਸਰਦਾਰ ਆਇਆ ਤਾਂ ਉਹ ਪੈ ਨਿਕਲੇ। ਕੁਦਰਤੀਂ ਮੇਰੀ ਪਤਨੀ ਦੇ ਤਾਏ ਦਾ ਛੋਟਾ ਪੁੱਤਰ, ਜਿਹੜਾ ਪਹਿਲਾਂ ਹੀ ਮਗਰ ਖੜੋਤਾ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ, ਵਿੱਚ ਆ ਗਿਆ। ਜਦ ਉਹ ਸਰਦਾਰ ਦੇ ਹੱਕ ਵਿੱਚ ਉਨ੍ਹਾਂ ਨੂੰ ਪੈ ਨਿਕਲਿਆ ਤਾਂ ਉਨ੍ਹਾਂ ਚਈਂ ਚਈਂ ਤਾਂ ਕੀਤੀ ਪਰ ਡਰ ਗਏ। ਪਰ ਕਿੰਨੀਆਂ ਥਾਵਾਂ ਤੇ ਕੋਈ ਵਿੱਚ ਆ ਕੇ ਸਰਦਾਰ ਦੀ ਰਿਹੜੀ ਲਵਾਏ? ਪੰਜਾਬ ਦੀ ਹਾਲਤ ਤਾਂ ‘ਕੁਝ ਲੁੱਟ ਲਈ ਮੈ ਪਿੰਡ ਦਿਆਂ ਪੈਂਚਾਂ’ ਵਾਲੀ ਬਣੀ ਪਈ ਹੈ ਕਿ ਕੁੱਝ ਤਾਂ ਦਿੱਲੀ ਵਾਲੇ ਇਸ ਦੇ ਗਲ ਗੂਠ ਦਈ ਤੁਰੇ ਆਉਂਦੇ ਹਨ ਤੇ ਕੁੱਝ ਪੰਜਾਬ ਖੁਦ ਅਪਣੇ ਫੁੱਕਰੇਪਨ ਵਿੱਚ ਰੁੜਦਾ ਤੁਰਿਆ ਜਾ ਰਿਹੈ। ਦੂਜਾ ਜਿਹੜੇ ਸਾਡੇ ਭਰਾ ਬਾਹਰੋਂ ਜਾਂਦੇ ਹਨ ਉਹ ਬਾਹਰ ਦੀ ਹਵਾ ਵਿੱਚ ਹੀ ਮਾਰੇ ਜਾਂਦੇ ਹਨ ਕਿਉਂਕਿ ਪੰਜਾਬ ਵਾਲੇ ‘ਫੂਕ’ ਨਾਲ ਹੀ ਅਗਲੇ ਨੂੰ ਪਾਟਣਾ ਕਰ ਦਿੰਦੇ ਹਨ ਕਿ ਇਥੋਂ ਟਰੱਕਾਂ-ਫੈਕਟੀਆਂ ਦੇ ਓਵਰਟਾਇਮਾਂ ਦਾ ਪੈਸਾ ਉਹ ਬੜੇ ‘ਵਹਿਸ਼ੀ’ ਢੰਗ ਨਾਲ ਰੋੜ੍ਹਦੇ ਹਨ ਕਿ ਅਕਲ ਨਾਮ ਦੀ ਚੀਜ਼ ਉਨ੍ਹਾਂ ਨੂੰ ਹਜਮ ਹੀ ਕੋਈ ਨਹੀ ਹੁੰਦੀ। ਪੰਜਾਬ ਤਾਂ ਭਲਾ ਮੂਰਖਤਾ ਦੇ ਦੌਰ ਵਿਚੋਂ ਲੰਘ ਰਿਹੈ ਪਰ ਬਾਹਰ ਵਾਲੇ. . ? ਵੱਡੇ ਵੱਡੇ ਪੈਲਸਾਂ ਵਿੱਚ ਕਦੇ ਕਿਸੇ ਬਾਣੀਏ ਦਾ ਵਿਆਹ ਹੁੰਦਾ ਨਹੀ ਦੇਖਿਆ। ਅੰਮ੍ਰਤਿਸਰ ਦੇ ਮਸ਼ਹੂਰ ਬਜਾਰ ‘ਕੱਟੜਾ ਜੈਮਲ ਸਿੰਘ’ ਵਿੱਚ ਕਦੇ ਬਾਣੀਏ ਨਹੀ ਘੁੰਮਦੇ ਦੇਖੇ ਮੌਰਾਂ ਤੇ ਕੱਪੜਿਆਂ ਦੀਆਂ ਪੰਡਾਂ ਚੁੱਕੀ, ਕੀ ਉਹ ਵਿਆਹ ਨਹੀ ਕਰਦੇ? ਇੱਕਲੇ ਜੱਟ ਹੀ ਕਰਦੇ ਨੇ? ਜਿਸ ਮਰਜੀ ਦੁਕਾਨ ਤੇ ਚਲੇ ਜਾਓ ਬਾਣੀਆਂ ਤਿਆਰ ਬੈਠਾ ਛਿੱਲਣ ਨੂੰ ਇਨ੍ਹਾਂ ਮੂਰਖਾਂ ਨੂੰ। ਤੇ ਜਦ ਇਹ ਲੁੱਟ ਹੋਣ ਲਈ ਜਾਂਦੇ ਤਾਂ ਬਾਣੀਆਂ ਮਹਿੰਗੇ ਤੋਂ ਮਹਿੰਗਾ ਕੱਪੜਾ ਇਸ ਦੇ ਮੋਢਿਆਂ ਤੇ ਲਾ ਕੇ ਦੱਸਦਾ ਕਿ ਆਹ ਤਾਂ ਬਣਿਆਂ ਹੀ ਤੁਹਾਡੇ ਲਈ ਸੀ। ਬੀਬੀਆਂ, ਜਿਹੜੀਆਂ ਅਪਣੇ ਬੱਚਿਆਂ ਨੂੰ ਚੰਗੇ ਸਕੂਲ ਨਹੀ ਭੇਜ ਸਕਦੀਆਂ, ਚੰਗੀ ਖੁਰਾਕ ਨਹੀ ਦੇ ਸਕਦੀਆਂ, ਚੰਗੀ ਟਿਉਸ਼ਨ ਨਹੀ ਰੱਖ ਕੇ ਦੇ ਸਕਦੀਆਂ, ਉਨ੍ਹਾਂ ਦਾ ਚੰਗਾ ਭਵਿੱਖ ਸਿਰਜਣਨ ਲਈ ਕੋਈ ਕੋਈ ਉਦਮ ਨਹੀ ਸੋਚ ਸਕਦੀਆਂ, ਕਦੇ ਉਨ੍ਹਾਂ ਨੂੰ ਸਿੱਖੀ ਬਾਰੇ ਦੱਸ ਜਾਂ ਗੁਰਦੁਆਰਾ ਸਾਹਿਬ ਨਹੀ ਲਿਜਾ ਸਕਦੀਆਂ, ਬਜਾਰ ਜਾ ਕੇ 4-5-10 ਹਜਾਰ ਦੇ ਸੂਟ ਤੋਂ ਬਿਨਾ ਹੱਥ ਨਹੀ ਪਾਉਂਦੀਆਂ। ਤੇ ਜਦ ਇਹ ਲੁੱਟ ਹੋਕੇ ਨਿਕਲਦੇ ਬਾਣੀਆਂ ਮੁਸਕੜੀਏ ਹੱਸਦਾ ਇਨ੍ਹਾਂ ਦੀ ਮਾਨਸਿਕ ਕੰਗਾਲੀ ਤੇ। ਤੇ ਜਦ ਹਰੇਕ ਘਰ ਵਿੱਚ ਨੌਜਵਾਨ ਬੱਚਾ ਸਮੈਕੀ, ਡਰੱਗੀ ਅਤੇ ਨਸ਼ਈ ਹੋ ਜਾਂਦਾ ਹੈ ਤਾਂ ਫਿਰ ਉਹੀ ਮਾਂ ਪਿਓ ਰੱਬ ਨੂੰ ਕੋਸਦੇ ਜਿਸ ਉਨ੍ਹਾਂ ਦੀ ਕਿਸਮਤ ਮਾੜੀ ਲਿਖ ਦਿੱਤੀ ਸੀ। ਤੁਸੀਂ ਹੈਰਾਨ ਹੋਵੋਂਗੇ ਕਿ ਜਦ ਖਾਣ ਪੀਣ ਦਾ ਮਸਲਾ ਆਉਂਦਾ ਆਮ ਬੰਦੇ ਦੇ ਮੂੰਹੋਂ ਸੁਣੀਂਦਾ ਕਿ ‘ਮਹਿੰਗਾਈ ਨੇ ਵੱਟ ਕੱਢ ਛੱਡੇ ਵੇ ਆ’। ਕਿਉਂ? ਅਖੇ ਸਬਜੀਆਂ ਬੜੀਆਂ ਮਹਿੰਗੀਆਂ ਹੋ ਗਈਆਂ, ਦਾਲਾਂ ਨੂੰ ਹੱਥ ਨਹੀ ਲੱਗਦਾ, ਚਾਹ ਖੰਡ ਈ ਨਹੀ ਸਾਹ ਲੈਣ ਦਿੰਦੀ, ਦੁੱਧ ਹੀ ਮਾਣ ਨਹੀ ਆਦਿ। ਚਲੋ ਇਹ ਗੱਲਾਂ ਸ਼ਹਿਰੀਆ ਤਾਂ ਕਹੇ ਪਿੰਡਾਂ ਵਾਲੇ ਵੀ ਕਹਿ ਰਹੇ ਹਨ। ਕਿਉਂ? ਕਿਉਂਕਿ ਉਹ ਇੰਨੇ ਹੱਡ ਹਰਾਮੀ ਹੋ ਗਏ ਹਨ ਕਿ ਉਪਰ ਦਿੱਤੀਆਂ ਕਰੀਬਨ ਸਾਰੀਆਂ ਚੀਜ਼ਾਂ ਘਰ ਦੀਆਂ ਹਨ। ਸਬਜੀਆਂ, ਦਾਲਾਂ, ਜੇ ਖੰਡ ਨਹੀ ਤਾਂ ਗੁੜ ਅਤੇ ਦੁੱਧ ਦਾ ਸਬੰਧ ਤਾਂ ਸਿੱਧਾ ਹੀ ਜਿੰਮੀਦਾਰੇ ਨਾਲ ਹੈ। ਪਰ ਘਰੇ ਜਾਂ ਖੇਤਾਂ ਵਿੱਚ ਦੋ ਕਿਆਰੇ ਸਬਜੀ ਦਾਲਾਂ ਬੀਜਣ ਦੀ ਬਜਾਇ ਸ਼ਹਿਰੋਂ ਮੁੱਲ ਦੀਆਂ ਮਹਿੰਗੀਆਂ, ਬੇਹੀਆਂ ਅਤੇ ਬੁੱਸੀਆਂ ਲਿਆ ਕੇ ਖਾਣਗੇ ਪਰ ਮਜਾਲ ਹੱਥ ਹਿਲਾ ਜਾਣ ਤੇ ਇਹੀ ਕਾਰਨ ਹੈ ਕਿ ਹਰੇਕ ਦੂਜਾ ਤੀਜਾ ਬੀਮਾਰੀ ਨਾਲ ਘੁੱਲ ਰਿਹਾ ਹੈ ਤੇ ਹਾਲ ਪਾਹਰਿਆ ਕਰਦਾ ਪੀੜਤ ਹੈ। ਜਿੰਮੀਦਾਰ ਦਾ ਮੁੰਡਾ ਤਾਂ ਖੇਤਾਂ ਵਿੱਚ ਗੇੜਾ ਮਾਰਨਾ ਵੀ ਹੱਤਕ ਸਮਝਦਾ ਹੈ। ਕਿਸੇ ਰਿਸ਼ਤੇਦਾਰ ਦੇ ਗਿਆਂ ਇੱਕ ਚੰਗਾ ਜੈਂਟਲਮੈਨ ਸਰਦਾਰ ਮਿਲਿਆ ਨਾਲ ਵਾਲਿਆਂ ਦੱਸਿਆ ਕਿ ਇਹ ਐਗਰੀਕਲਚਰ ਡਿਪਾਟਮੈਂਟ ਵਿੱਚ ਲੰਮਾ ਚਿਰ ਸੁਪਰਵਾਈਜਰ ਰਹੇ ਨੇ ਤੇ ਹੁਣ ਰਿਟਾਇਰ ਹਨ। ਉਨ੍ਹਾਂ ਨੂੰ ਮੈ ਸਵਾਲ ਕੀਤਾ ਕਿ ਤੁਹਾਨੂੰ ਕਿੰਜ ਜਾਪਦਾ ਹੈ ਕਿ ਕਣਕ ਝੋਨੇ ਤੋਂ ਬਿਨਾ ਜਿੰਮੀਦਾਰ ਕੋਲੇ ਕੋਈ ਰਾਹ ਨਹੀ ਕਿ ਉਹ ਹੋਰ ਕੁੱਝ ਵੀ ਕਰੇ ਜਦ ਕਿ ਕਣਕ ਝੋਨਾ ਹਰੇਕ ਸਾਲ ਮੰਡੀਆਂ ਵਿੱਚ ਰੁਲਣ ਦੀ ਚਰਚਾ ਆਮ ਹੀ ਰਹਿੰਦੀ ਹੈ? ਉਸ ਨੇ ਪੈਂਦਿਆਂ ਹੀ ਕੰਬੋਆਂ ਦੀ ਮਿਸਾਲ ਦਿੱਤੀ ਤੇ ਦੱਸਿਆ ਕਿ 60-100 ਕਿੱਲਾ ਹੋਣਾ ਜਰੂਰੀ ਨਹੀ ਜਿੰਮੀਦਾਰ ਕੋਲੇ 5 ਕੀਲੇ ਹੀ ਹੋਣ ਤਾਂ ਬਹੁਤ ਹਨ ਪਰ ਉਹ ਕੰਮ ਕਰਨ ਵਾਲਾ ਹੋਵੇ। ਪਰ ‘ਜੱਟ’ ਵਿਹਲਾ ਰਹਿਣਾ ਚਾਹੁੰਦਾ ਕਿ ਇੱਕ ਵਾਰ ਦਿੱਤਾ ਛੱਟਾ ਤੇ ਕੰਮ ਬੰਨੇ ਤੇ ਸਰਕਾਰ ਇਨ੍ਹਾਂ ਨੂੰ ਕਣਕ ਝੋਨੇ ਚੋਂ ਬਾਹਰ ਨਿਕਲਣ ਨਹੀ ਦੇਣਾ ਚਾਹੁੰਦੀ। ਜਿੰਮੀਦਾਰ ਇੱਕ ਵਾਰ ਕਣਕ ਬੀਜ ਕੇ ਸਾਰਾ ਸਿਆਲ ਸ਼ਹਿਰ ਦੀਆਂ ਗੇੜੀਆਂ ਦਿੰਦੇ ਅਪਣੇ ਸਮੇ ਦੀ ਬਰਬਾਦੀ ਕਰ ਰਹੇ ਹਨ। ਸੀਜਨ ਵੇਲੇ ਇੰਨਾ ਨੂੰ ਚੇਤਾ ਆਉਂਦਾ ਕਿ ਹੁਣ ਸਾਡੀ ਕਣਕ ਜਾਂ ਝੋਨਾ ਚੁੱਕ ਨਹੀ ਹੋ ਰਿਹਾ। ਇਸ ਵਿਹਲੇਪਨ ਦਾ ਹੀ ਕਾਰਨ ਹੈ ਕਿ ਲੋਕ ਇੱਕ ਦੂਜੇ ਨਾਲ ਈਰਖਾ ਕਰਨ ਤੋਂ ਸਿਵਾਏ ਕੁੱਝ ਸੋਚਦੇ ਹੀ ਨਹੀ। ਬਿਨਾ ਵਜਾਹ ‘ਘੜੂਸਾਂ’ ਛੱਡੀ ਜਾਣਗੇ। ਅਪਣੇ ਘਰ ਚੰਗੀ ਭਲੀ ਰੋਟੀ ਖਾਂਦੇ ਵੀ ਦੁੱਖੀ। ਇਥੇ ਲੋਕ ਅਪਣੇ ਦੁੱਖਾਂ ਕਾਰਨ ਦੁੱਖੀ ਨਹੀ ਬਲਕਿ ਦੂਜੇ ਦੇ ਸੁੱਖ ਤੋਂ ਦੁੱਖੀ ਹਨ। ਜਿਥੇ ਬਾਹਰ ਦੇ ਪ੍ਰਦੂਸ਼ਣ ਨਾਲ ਦਮ ਘੁੱਟਦਾ ਹੈ ਉਥੇ ਅੰਦਰ ਦੀ ਸੜਿਆਂਦ ਨਾਲ ਵੀ ਗਰਮੀ ਪੈਦਾ ਹੋ ਰਹੀ ਹੈ। ਹਰੇਕ, ਜਿਹੜਾ ਅਪਣੇ ਘਰ ਵਧੀਆ ਰੋਟੀ ਖਾਂਦਾ ਹੈ ਉਹ ਇਸ ਗਲ ਤੇ ਸਤੁੰਸ਼ਟ ਨਹੀ ਬਲਕਿ ਇਸ ਗਲੇ ਦੁਖੀ ਹੈ ਕਿ ਗੁਆਂਢੀ ਕਿਉਂ ਰੋਟੀ ਖਾ ਰਿਹਾ ਹੈ। ਦੂਜੇ ਬੰਨੇ ਧਰਮ ਦੀ ਗੱਲ ਕਰ ਲਓ। ਸਾਡਾ ਇਲਾਕਾ ਸਭ ਤੋਂ ਨੇੜੇ ਹੈ ਸਿੱਖੀ ਦੇ ਧੁਰੇ ਯਾਨੀ ਅੰਮ੍ਰਤਿਸਰ ਸਾਹਿਬ ਦੇ। ਕਦੇ ਕੋਈ ਪ੍ਰਚਾਰਕ ਨਹੀ ਸੁਣਿਆ ਆਇਆ, ਕਦੇ ਕੋਈ ਲਿਟਰੇਚਰ ਵੰਡਿਆ ਸੁਣਿਆ, ਕਦੇ ਕਿਸੇ ਪਿੰਡਾਂ ਵਿੱਚ ਆ ਕੇ ਸਿੱਖੀ ਦੀ, ਸਿੱਖੀ ਰਹਿਣੀ ਦੀ, ਕਿਰਤ ਕਰਨ ਦੀ, ਨਾਮ ਜਪਣ ਯਾਨੀ ਨਾਮ ਨਾਲ ਇੱਕ ਹੋਣ ਦੀ ਗੱਲ ਕਿਸੇ ਨੂੰ ਨਹੀ ਦੱਸੀ। ਕਦੇ ਕਿਸੇ ਧਾਰਮਿਕ ਬੰਦੇ ਨਹੀ ਲੋਕਾਂ ਨੂੰ ਦੱਸਿਆ ਕਿ ਸਿੱਖੀ ਦੀ ਰਹਤ ਵਿੱਚ ਈਰਖਾ ਨਫਰਤ ਸੜਿਆਂਦ ਤੋਂ ਦੂਰ ਰਹਿ ਕੇ ਅਪਣੀ ਕਿਰਤ ਕਰਦੇ ਹੋਏ ਗੁਰੂ ਨੂੰ ਯਾਦ ਕਰੋ। ਸਿੱਖ ਜਾਂ ਸਿੱਖੀ ਨਾਲ ਕਿਸੇ ਦਾ ਕੋਈ ਮੱਤਲਬ ਨਹੀ ਇਨ੍ਹਾਂ ਦੀ ਗੱਲਬਾਤ ਦਾ ਵਿਸ਼ਾ ਕੱਪੜੇ, ਕਾਰ ਅਤੇ ਕੋਠੀ ਹੁੰਦੀ। ਵਿਆਹ ਵੇਲੇ ਮੁੰਡਾ ਕਿਸਤਰ੍ਹਾਂ ਦਾ ਹੈ ਕੁੜੀ ਕਿਸਤਰ੍ਹਾਂ ਦੀ ਹੈ ਵਰਗੇ ਸਵਾਲ ਫਾਲਤੂ ਹਨ ਬਲਕਿ ਉਹ ਪੁੱਛਦੇ ਕਿ ਪੈਲਸ ਕਿਹੜਾ ਤੇ ਸ਼ਰਾਬ ਕਿਹੜੀ ਤੇ ਮੀਟ-ਮਾਸ ਕਾਹਦਾ ਪਾਉਂਣਾ। ਮੁੱਕਦੀ ਗੱਲ ਕਿ ਪੰਜਾਬ ਵਿਚੋਂ ਗੁਰੂ ਨਾਨਕ ਪਾਤਸ਼ਾਹ ਦਾ ‘ਕਿਰਤ ਕਲਚਰ’ ਖਤਮ ਹੋ ਰਿਹਾ ਹੈ ਤੇ ‘ਵਿਖਾਵਾ ਕਲਚਰ’ ਜੋਬਨ ਤੇ ਹੈ ਜਿਸ ਵਿਚੋਂ ਗਰੀਬੀ ਅਤੇ ਬੀਮਾਰੀਆਂ ਤਾਂ ਜਨਮ ਲੈ ਹੀ ਰਹੀਆਂ ਹਨ ਪਰ ਜਿਹੜਾ ਦਿੱਲੀ ਵਲੋਂ ਖਤਰੇ ਦੀ ਘੰਟੀ ਪੰਜਾਬ ਉਪਰ ਖੜਕ ਰਹੀ ਹੈ ਉਸ ਨੂੰ ਵੀ ਇਥੇ ਕੋਈ ਸੁਣਨ ਲਈ ਤਿਆਰ ਨਹੀ ਤੇ ਗੱਲ ਕਰਨ ਵਾਲੇ ਨੂੰ ਉਹ ਕਿਸੇ ਮੂਰਖਾਂ ਦੀ ਦੁਨੀਆਂ ਦਾ ਵਾਸੀ ਸਮਝ ਕੇ ਹੱਸ ਛੱਡਦੇ ਹਨ ਜੇ ਸਾਹਮਣੇ ਨਹੀ ਤਾਂ ਪਾਸੇ ਜਾ ਕੇ! 
Spl thanks to 


ਗੁਰਦੇਵ ਸਿੰਘ ਸੱਧੇਵਾਲੀਆ

No comments: