ਹਿੰਦੁਸਤਾਨ ਦੀ ਸੰਸਕ੍ਰਿਤੀ ਸੀਮਾਵਾਂ, ਧਰਮ, ਅਣਖ , ਅਬਰੂ, ਗੈਰਤ ਦੀ ਰੱਖਿਆ ਹੇਤ ਸਿੱਖਾਂ ਨੇ ਆਪਣਾ ਖੂਨ ਪਾਣੀ ਦੀ ਤਰ੍ਹਾਂ ਵਹਾਇਆ ਹੈ। ਦੂਸਰੇ ਸਬਦਾਂ ਵਿੱਚ ਜੇਕਰ ਸਿੱਖ ਗੁਰੂ ਸਾਹਿਬ ਤੇ ਉਨ੍ਹਾਂ ਦਾ ਸਾਜਿਆ ਖਾਲਸਾ ਪੰਥ ਅਪਣੀ ਰੱਤ ਨਾਲ ਇਸ ਧਰਤੀ ਨੂੰ ਲਾਲ ਰੰਗਤ ਨਾ ਦਿੰਦਾ ਤਾਂ ਸਾਇਦ ਹਿੰਦੁਸਤਾਨ ਦਾ ਨਕਸ਼ਾ ਤੇ ਇਤਿਹਾਸ ਹੋਰ ਹੀ ਹੁੰਦਾ। ਕਈ ਹਮਲਾਵਰ ਆਉਂਦੇ ਰਹੇ ਤੇ ਹਿੰਦੁਸਤਾਨ ਦੀ ਗ਼ੈਰਤ ਤੇ ਇਜ਼ਤ ਨੂੰ ਪੈਰਾਂ ਹੇਠ ਰੋਲਦੇ ਰਹੇ ਪਰ ਕਿਸੇ ਹਿੰਦੁਸਤਾਨੀ ਦੇ ਜੋਸ਼ ਨੇ ਉਬਾਲਾ ਨਾਂ ਖਾਧਾ,ਕਿਸੇ ਦੇ ਡੋਲੇ ਨਾ ਫਰਕੇ ,ਸਗੋਂ ਮੂਕ ਦਰਸ਼ਕ ਬਣਕੇ ਆਪਣੀ ਲੁੱਟੀ ਪੱਤ ਦਾ ਨਜ਼ਾਰਾ ਦੇਖਿਆ। ਨਿਰਮਲ ਪੰਥ ਦੇ ਸੰਸਥਾਪਕ ਜਗਤ ਗੁਰੂ ਨੇ ਸੰਸਾਰ ਮੰਚ ਤੇ ਕਦਮ ਰੱਖਿਆ ਤਾਂ ਹਮਲਾਵਰ ਹੋ ਕਿ ਆਏ ਬਾਬਰ ਨੂੰ ਜਾਬਰ ਤੇ ਉਸ ਦੀ ਹਮਲਾਵਰ ਫੌਜ ਨੂੰ ਪਾਪ ਕੀ ਜੰਝ ਆਖਿਆ । ਸ਼ਹਾਦਤ ਸਮੇਂ ਦੀ ਲੋੜ ਬਣੀ ਤਾਂ ਕਿਸੇ ਮੁਗਲ ਅਹਿਲਕਾਰ ਅੱਗੇ ਕੌਮੀ ਅਣਖ ਨਹੀਂ ਗਵਾਈ ਸਗੋਂ ਕੌਮੀ ਗੈਰਤ ਦੀ ਰੱਖਿਆਂ ਹੇਠ ਸ਼ਹਾਦਤ ਦੀ ਪ੍ਰਾਪਤੀ ਵਿੱਚ ਫ਼ਖ਼ਰ ਮਹਿਸੂਸ ਕੀਤਾ। ਮੈਦਾਨੇ ਜੰਗ ਵਿੱਚ ਜੂਝਣ ਦਾ ਸਮਾਂ ਆਇਆ ਤਾਂ ਅਕਾਲ ਤਖਤ ਪ੍ਰਗਟ ਕਰਕੇ ਮੀਰੀ ਪੀਰੀ ਦੀਆ ਦੋ ਤਲਵਾਰਾਂ ਪਹਿਨ ਕੇ ਧਰਮ ਤੇ ਰਾਜਨੀਤੀ ਦਾ ਸੁਮੇਲ ਕਰਕੇ ਅਜਿਹੇ ਹਲੇਮੀ ਰਾਜ ਅਬਚਲ ਨਗਰ ਦੀ ਨੀਂਹ ਰੱਖ ਦਿੱਤੀ ਕਿ ਮੁਗਲ ਹਕੂਮਤ ਦੀਆਂ ਜੜ੍ਹਾਂ ਹਿੱਲ ਗਈਆਂ। ਪਰ ਸੰਸਾਰ ਦੇ ਲੋਕਾਂ ਨੇ ਅਜੀਬ ਨਜ਼ਾਰਾ ਵੇਖਿਆਂ ਜਿਸ ਕਰਮ ਕਾਂਡੀ ਚਿੰਨ੍ਹ ਨੂੰ ਪਹਿਲੇ ਜਾਮੇ ਵਿੱਚ ਬਿਪਰਵਾਦ ਦਾ ਜੂਲਾ ਕਹਿ ਕੇ ਤ੍ਰਿਸਕਾਰ ਦਿੱਤਾ,ਉਸ ਦੇ ਸਮਰਥਕ ਬਿਹਬਲਤਾ ਦੀ ਹਾਲਤ ਵਿੱਚ ਧਰਮ ਰੱਖਿਆ ਦੀ ਜੋਦੜੀ ਲੈ ਕੇ ਆਏ ਤਾਂ ਨਾਂਵੇ ਜਾਮੇ ਵਿੱਚ ਗੈਰ ਧਰਮ ਦੀ ਰੱਖਿਆ ਹੇਤ ਆਪਣੇ ਸਰੀਰ ਦਾ ਠੀਕਰਾ ਦਿੱਲੀ ਵਿੱਚ ਭੰਨਣਾ ਕਬੂਲਿਆ।ਦਸਵੇਂ ਜਾਮੇ ਵਿੱਚ ਹਿੰਦੁਸਤਾਨ ਦੀ ਬੇਅਣਖ ਤੇ ਆਬਰੂ ਹੀਣ ਹੋ ਚੁਕੀ ਮਿੱਟੀ ਨੂੰ ਤੀਰਾਂ ਦੀ ਨੋਕ ਨਾਲ ਉਂਲਥਿਆ,ਮੋਈ ਮਿੱਟੀ ਵਿੱਚ ਨਵੀਂ ਰੂਹ ਫੂਕ ਕੇ ਨਿੱਜ ਰੂਪ ਕਹਿ ਕੇ ਨਿਵਾਜਿਆ। ਅਕਾਲ ਪੁਰਖ ਦੀ ਫੌਜ ਦੇ ਵਜਾਏ ਰਣਜੀਤ ਨਗਾਰੇ ਨੇ ਮੁਗਲ ਹਕੂਮਤ ਦੇ ਤਾਂ ਸਿਰ ਪੀੜ ਲਾ ਦਿੱਤੀ ,ਪਰ ਉਸ ਤੋਂ ਵੀ ਪਹਿਲਾਂ ਧੋਤੀ, ਟੋਪੀ ਦੇ (ਅਲੰਬਰਦਾਰ) ਪਹਾੜੀ ਰਾਜੇ ਹਮਲਾਵਰ ਹੋ ਆਏ ਜੋ ਖਾਲਸੇ ਦੇ ਜਾਹੋ ਜਲਾਲ ਅੱਗੇ ਟਿੱਕ ਨਾਂ ਸਕੇ। ਸਾਰਾ ਸਰਬੰਸ ਕੌਮ ਦੀ ਭੇਟ ਚੜ੍ਹਾ ਦਿੱਤਾ ,ਰਿਧੀਆਂ,ਸਿੱਧੀਆਂ ਤੇ ਤੰਤਰ ਸਾਧਨਾ ਨਾਲ ਬੇਅਣਖ ਹੋ ਕਿ ਸੁੱਤੇ ਇੱਕ ਬੈਰਾਗੀ ਨੂੰ ਖੰਡੇ ਦੀ ਠੋਕਰ ਨਾਲ ਹਲੂਣਿਆ,ਪਾਹੁਲ ਦੇ ਕੇ ਐਸਾ ਸੂਰਮਾ ਬਣਾ ਦਿੱਤਾ ਜਿਸ ਨੇ ਜ਼ੁਲਮੀ ਜੜ੍ਹਾਂ ਉਖੇੜ ਕਿ ਰੱਖ ਦਿੱਤੀਆਂ ।
ਸਮੇਂ ਦਾ ਗੇੜ ਬਦਲਿਆ ਖਾਲਸੇ ਦੇ ਸਿਰਾਂ ਦੇ ਮੁੱਲ ਪਏ ਤੇ ਮੁੱਲ ਵੀ ਅਣਖ ਅਨੁਸਾਰ ਪਏ ਗਜ਼ਨੀ ਦੇ ਬਜਾਰਾਂ ਵਿੱਚ ਹਿੰਦੁਸਤਾਨ ਦੀ ਜਿਊਂਦੀ ਜਾਗਦੀ ਇੱਜਤ ਆਬਰੂ ਟਕੇ-ਟਕੇ ਵਿਕਦੀ ਸੀ ਪਰ ਸਿੰਘਾ ਦੇ ਸਿਰਾਂ ਦਾ ਮੁੱਲ ਕਈ ਗੁਣਾਂ ਵੱਧ ਪਾਇਆ। ਨਾਦਰਾਂ ਅਬਦਾਲੀਆਂ ਤਾਂ ਸਿੰਘਾ ਦੀ ਰੱਤ‘ਚ ਨਹਾਉਣਾ ਹੀ ਸੀ ,ਅਕ੍ਰਿਤਘਣ ਜਸਪਤ,ਲਖਪਤ ,ਨੇ ਵੀ ਕੋਈ ਕਸਰ ਨਾਂ ਛੱਡੀ। ਪਿੰਡੇ ਤੇ ਜ਼ਖਮਾਂ ਦੀਆਂ ਪੰਡਾਂ ਲੈ ਕਿ ਖਾਲਸਾ ਖੁੰਡੀਆਂ ਤੇਗਾ ਨਾਲ ਲੜਿਆ,ਅਖੀਰ ਫਤਹਿ ਨੇ ਖਾਲਸੇ ਦੇ ਪੈਰ ਚੁੰਮੇ । ਖਾਲਸਾ ਰਾਜ ਹੋਂਦ ਵਿੱਚ ਆਇਆ,ਖਾਲਸੇ ਦੀ ਗਰਜ਼ ਨਾਲ ਕਾਬਲ ਕੰਧਾਰ ਕੰਬ ਉਠਿਆ ਵਿਦੇਸ਼ੀ ਹਮਲਾਵਰਾਂ ਦੀ ਇਸ ਧਰਤੀ ਵੱਲ ਅੱਖ ਚੁੱਕ ਕੇ ਹਿੰਮਤ ਨਾਂ ਪਈ ,ਪਰ ਅਕ੍ਰਿਤਘਣਾਂ ਨੇ ਖਾਲਸੇ ਦੀ ਪਿੱਠ ਵਿੱਚ ਐਸਾ ਛੁਰਾ ਮਾਰਿਆ ਕਿ ਖੂਨ ਨਾਲ ਸਿੰਜਿਆ ਖਾਲਸਾ ਰਾਜ ਦਾ ਬੂਟਾ ਫਿਰੰਗੀਆਂ ਹੱਥ ਚਲਾ ਗਿਆ ।
ਇਤਿਹਾਸ ਦੀ ਲੋਅ ਵਿੱਚ ਅਧਿਐਨ ਕੀਤਾ ਜਾਵੇ ਤਾਂ ਖਾਲਸੇ ਦਾ ਇੱਕ ਵਿਸ਼ੇਸ਼ ਗੁਣ ਜਾਂ ਫਿਤਰਤ ਉਘੜ ਕੇ ਸਾਹਮਣੇ ਆਉਂਦੀ ਹੈ ਕਿ ਖਾਲਸਾ ਜਾਂ ਅਜ਼ਾਦ ਹਾਕਮ ਹੁੰਦਾ ਹੈ ਜਾਂ ਬਾਗੀ। ਗੁਲਾਮ ਹੋਣਾ ਖਾਲਸੇ ਦੇ ਸੁਭਾਅ ਦਾ ਅੰਗ ਨਹੀਂ। ਫਿਰੰਗੀਆਂ ਵਿਰੁੱਧ ਸਘੰਰਸ਼ ਖਾਲਸੇ ਨੇ ਅਰੰਭਿਆ,ਕੁਰਬਾਨੀ ਦੇ ਅੰਕੜੇ ਪੜ੍ਹ ਕੇ ਹੈਰਾਨ ਹੋ ਜਾਈਦਾ ਹੈ ਅਬਾਦੀ ਕੇਵਲ 15 ਤੇ ਕੁਰਬਾਨੀਆਂ 80 ਤੋਂ ਵਧੇਰੇ ਤੇ ਦੂਸਰੇ ਪਾਸੇ ਖਾਲਸੇ ਦੇ ਖੂਨ ਨਾਲ ਲਿਬੜੇ ਮੋਢਿਆਂ ਤੇ ਚੜ੍ਹ ਕੇ ਰਾਜ ਭਾਗ ਮਾਨਣ ਵਾਲੀ ਕੌਮ ਦੀ ਅਬਾਦੀ 80 ਤੇ ਕੁਰਬਾਨੀਆਂ 2ਤੋਂ ਵੀ ਘੱਟ।
ਅਜ਼ਾਦੀ ਮਿਲਣ ਉਪਰੰਤ ਇਸ ਦੇਸ਼ ਦੀ ਬਹੁਗਿਣਤੀ ਲੀਡਰਸ਼ਿਪ ਨੇ ਅਕ੍ਰਿਤਘਣਤਾਂ ਦੇ ਸਾਰੀ ਹੱਦ ਬੰਨ੍ਹੇ ਤੋੜ ਕੇ ਜਿਹੋ ਜਿਹਾ ਵਿਸਾਹਘਾਤ ਸਿੱਖਾਂ ਨਾਲ; ਕੀਤਾ ਉਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ । ਹਰ ਹੀਲਾ ਖਾਲਸੇ ਦੀ ਅਣਖ ਂਨੂੰ ਮਲੀਆਮੇਟ ਕਰਨ ਦਾ ਵਰਤਿਆ ਗਿਆ ਸਿੱਖੀ ਦੀ ਅਣਖ ਨੂੰ ਖਤਮ ਕਰਨ ਵਾਸਤੇ,ਕੌਮੀ ਗੈਰਤ ਦੀ ਚਿੰਗਾਰੀ ਨੂੰ ਬਝਾਉਣ ਵਾਸਤੇ ਭਾਵੇਂ ਰਾਜ ਭਾਗੀਆਂ ਵੱਲੋਂ ਪਹਿਲੇ ਦਿਨ ਤੋਂ ਹੀ ਹਮਲੇ ਸ਼ੁਰੂ ਹੋ ਗਏ ਸਨ ਪਰ ਸਾਕਾ ਨੀਲਾ ਤਾਰਾ ਐਸਾ ਭਿਆਨਕ ਘੱਲੂਘਾਰਾ ਹੈ ਜਿਸ ਦੇ ਨਿਸ਼ਾਨ ਕੌਮ ਦੇ ਹਿਰਦੇ ਤੋਂ ਕਦੀਂ ਮਿਟ ਨਹੀਂ ਸਕਦਾ ,ਇੱਕ ਐਸਾ ਨਸ਼ਤਰ ਸਿੱਖਾਂ ਖਿਲਾਫ ਵਰਤਿਆ ਗਿਆ ਜਿਸ ਨੇ ਕੌਮ ਨੁੰ ਵਲੂੰਧਰ ਕੇ ਰੱਖ ਦਿੱਤਾ ਹੀਰੋਸ਼ੀਮਾਂ ਤੇ ਨਾਗਾਸਾਕੀ ਦੇ ਹਮਲਿਆਂ ਤੋਂ ਵਧੇਰੇ ਕਰੂਰਰਤਾ ਪੂਰਨ ਕਾਰਵਾਈ ਸੀ । ਇੱਕ ਭਿਆਨਕ ਘੱਲੂਘਾਰੇ ਦਾ ਨਿਸ਼ਾਨਾਂ ਕੇਵਲ ਸਿੱਖ ਨਹੀਂ ਸਿੱਖੀ ਸੀ ,ਮਕਸਦ ਕੇਵਲ ਬਾਬਾ ਜਰਨੈਲ ਸਿੰਘ ਨੂੰ ਖ਼ਤਮ ਕਰਨਾ ਨਹੀ ਸਗੋਂ ਕੌਮ ਨੂੰ ਜਲ਼ੀਲ਼ ਕਰਨਾ ਸੀ ,ਕੌਮ ਦੀ ਗੈਰਤ ਨੂੰ ਰੋਲਣਾ ਸੀ। ਰਾਜ ਭਾਗ ਦੀ ਮਲਿਕਾ ਇੰਦਰਾ ਦੀ ਪ੍ਰਬਲ ਇੱਛਾ ਕੌਮ ਨੂੰ ਸਬਕ ਸਿਖਾੳੇਣਾ ਸੀ ਕਿਉਂ ਕਿ ਉਸ ਵੱਲੋਂ ਲਗਾਈ 1977 ਦੀ ਐਮਰਜੈਂਸੀ ਦੌਰਾਨ ਜਦੋਂ ਸਾਰਾ ਦੇਸ਼ ਸੁਸਰੀ ਵਾਂਗ ਸੌਂ ਗਿਆ ਸੀ ਤਾਂ ਸਿਰਫ ਗੁਰੂ ਖਾਲਸਾ ਹੀ ਮੈਦਾਨ ਵਿੱਚ ਡੱਟਿਆ ਸੀ ।ਅੱਜ ਕੱਲ੍ਹ ਆਪਣੇ ਆਪ ਨੂੰ ਹਿੰਦੂਤਵ ਦੇ ਮੁੱਦਈ ਅਖਵਾਉਣ ਵਾਲੇ ਤੇ ਦੇਸ਼ ਦੇ ਭਗਵੇਂਕਰਨ ਦਾ ਸੁਪਨਾ ਲੈਣ ਵਾਲੇ,ਖਾਕੀ ਨਿਕਰਾਂ ਲੁਕਾ ਕੇ ਖਾਲਸਾ ਦੀ ਸ਼ਰਨ ਆਏ ਤ੍ਰੀਆ ਹੱਠ ਸਦਕਾ ਹੰਕਾਰੀ ਬੀਬੀ ਖਾਲਸੇ ਨੂੰ ਜ਼ਲੀਲ ਕਰਨਾ ਲੋਚਦੀ ਸੀ ।
ਨਕਲੀ ਨਿਰੰਕਾਰੀਆਂ ਵਰਗੇ ਪਾਖੰਡੀਆਂ ਨੇ ਸਿੱਖ ਸਿਧਾਂਤਾਂ ਦਾ ਮਜ਼ਾਕ ਉਡਾਇਆ।ਗੁਪਤ ਸਰਕਾਰੀ ਫੰਡ,ਸਰਕਾਰੀ ਮਸ਼ੀਨਰੀ ਨੇ ਪੂਰਾ ਸਹਿਯੋਗ ਦਿੱਤਾ ਇਥੋਂ ਤੱਕ ਕਿ ਪੰਜਾਬ ਦੀਆਂ ਉਚ ਪਦਵੀਆਂ ਉਪੱਰ ਵੀ ਉਸੇ ਵੀਚਾਰਧਾਰਾ ਦੇ ਸਮਰਥਕਾਂ ਨੂੰ ਬਠਾਇਆ ਗਿਆ।13 ਅਪ੍ਰੈਲ 1978 ਨੂੰ ਨਕਲੀ ਨਿੰਕਾਰੀਆਂ ਨੇ ਅੰਮ੍ਰਿਤਸਰ ਵਿਖੇ ਖਾਲਸੇ ਦੇ ਖੂਨ ਨਾਲ ਹੋਲੀ ਖੇਡੀ,ਪੁਲਿਸ ਤੇ ਪ੍ਰਸ਼ਾਸਨ ਨੇ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖਿਆ।ਪੰਜਾਬ ਦੀ ਅਕਾਲੀ ਸਰਕਾਰ ਪੰਥਕ ਹਿੱਤਾਂ ਤੋਂ ਮੂੰਹ ਮੋੜ ਗਈ ਇਸ ਮੁੱਕਦਮੇ ਦੌਰਾਨ ਹੋਏ ਪੱਖਪਾਤ ਨੂੰ ਲੈ ਕੇ ਸਿੱਖ ਕੌਮ ਦਾ ਵਿਸ਼ਵਾਸ ਇਸ ਫਿਰਕੂ ਭਾਰਤੀ ਨਿਆਂ ਪ੍ਰਣਾਲੀ ਤੋਂ ਵੀ ਬਿਲਕੁਲ ਚੁੱਕਿਆ ਗਿਆ।ਕੌਮ ਦੀ ਗੈਰਤ ਉਪਰ,ਸਿੱਖੀ ਉਪਰ ਹੋ ਰਹੇ ਨਿਤਾਪ੍ਰਤੀ ਹਮਲਿਆਂ ਨੇ ਬਾਬਾ ਜਰਨੈਲ ਸਿੰਘ ਨੂੰ ਮੈਦਾਨੇ ਜੰਗ ਵਿੱਚ ਨਿਤਰਨ ਲਈ ਮਜ਼ਬੂਰ ਕੀਤਾ ।ਸਰਕਾਰੀ ਸ਼ਹਿ ਪ੍ਰਾਪਤ ਗੁੰਡਿਆਂ ਨੇ ਕਈ ਥਾਂਵਾਂ ਤੇ ਸਿੱਖ ਸਰੂਪ ਦੀ ਬੇਅਦਬੀ ਕੀਤੀ,ਪੰਜਾਬ ਦੀ ਧਰਤੀ ਤੇ ਇਹ ਨਾਅਰੇ ਸੁਣੇ ਜਾ ਰਹੇ ਸਨ,
ਕੱਛ,ਕੜਾ,ਕੰਘਾ,ਕ੍ਰਿਪਾਨ,ਧੱਕ ਦਿਆਂਗੇ ਪਾਕਿਸਤਾਨ
ਅਜਿਹੇ ਦੁਰਵਿਹਾਰ ਵੇਖ ਕੇ ਕੌਮੀ ਜੋਸ਼ ਨੇ ਉਬਾਲ ਖਾਧਾ। ਜਿਸ ਕੌਮ ਨੇ ਪਰਾਇਆਂ ਦੀ ਇੱਜ਼ਤ ਰੁਲਦੀ ਵੇਖ ਕੇ ਖੂਨ ਵਹਾਇਆ ਹੋਵੇ ,ਉਹ ਕੌਮ ਆਪਣੀ ਇੱਜ਼ਤ ਰੁਲਦੀ ਕਿਵੇਂ ਵੇਖ ਸਕਦੀ ਸੀ? ਗੁਰੂ ਸਰੂਪਾਂ ਦੀ ਬੇਅਦਬੀ,ਸਰਕਾਰੀ ਧੱਕੇ ਸ਼ਾਹੀ,ਵਿਤਕਰਾ ਅਤੇ ਸਰਕਾਰੀ ਗੁੰਡਾਗਰਦੀ ਨੇ ਕੌਮ ਦੇ ਜਜ਼ਬਾਤਾਂ ਨੂੰ ਹਲੂਣਿਆ। ਪੰਜਾਬ ਦੀਆਂ ਹੱਕੀ ਮੰਗਾਂ ਨੂੰ ਲੈ ਕਿ ਸ਼ੁਰੂ ਕੀਤਾ ਧਰਮ ਯੁੱਧ ਮੋਰਚਾ ਪੂਰੇ ਜੋਬਨ ਤੇ ਸੀ । ਕੌਮੀ ਅਣਖ ਉਪਰ ਹੋਏ ਹਮਲਿਆਂ ਦਾ ਜਵਾਬ ਸਿੱਖ ਜਵਾਨੀ ਨੇ ਦਿੱਤਾ।ਸਰਕਾਰੀ ਮਸ਼ੀਨਰੀ,ਪ੍ਰਚਾਰ ਸਾਧਨਾਂ ਤੇ ਖਾਸ ਕਰਕੇ ਮਹਾਸ਼ਾ ਪ੍ਰੈਸ ਨੇ ਸਿੱਖ ਨੌਜਵਾਨੀ ਨੂੰ ਅਤਿਵਾਦੀ,ਦਹਿਸ਼ਤਗਰਦ,ਗਰਦਾਨਣ ਵਿੱਚ ਕੋਈ ਕਸਰ ਨਾਂ ਛੱਡੀ। ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਥੀ ਜੋ ਹਰਿਮੰਦਰ ਸਾਹਿਬ ਟਿਕੇ ਹੋਏ ਸਨ ਨੂੰ ਵੱਖਵਾਦੀ,ਪਾਕਿਸਤਾਨ ਦੇ ਏਜੰਟ ਗਰਦਾਨਿਆ ਗਿਆ। ਧਰਮ ਯੁੱਧ ਮੋਰਚੇ ਨੂੰ ਕੁਚਲਣ ਵਾਸਤੇ ਸਰਕਾਰ ਨੇ ਪੂਰਾ ਤਾਣ ਲਾਇਆ ਪਰ ਕੌਮ ਦੇ ਭੜਕੇ ਜਜ਼ਬਾਤਾਂ ਸਾਹਮਣੇ ਕੋਈ ਪੇਸ਼ ਨਾਂ ਗਈ ।
ਮਹਾਸ਼ਾ ਪ੍ਰੈਸ ਪਾਵਨ ਧਾਰਮਿਕ ਅਸਥਾਨਾਂ ਨੂੰ ਅਤਿਵਾਦੀਆਂ ਦਾ ਅੱਡਾ,ਅਸਲਾ ਫੈਕਟਰੀ ਤੇ ਵਿਦੇਸ਼ੀ ਏਜੰਸੀਆਂ ਦਾ ਘਰ, ਮੁਜ਼ਰਮਾਂ ਦਾ ਕੇਂਦਰ ਕਹਿ ਕੇ ਨਿਵਾਜ ਰਹੀ ਸੀ ਤੇ ਸਿੱਖਾਂ ਦੇ ਖਿਲਾਫ ਆਮ ਜਨਤਾ ਨੂੰ ਭੜਕਾ ਰਹੀ ਸੀ ,ਨਫਰਤ ਦੇ ਬੀਜ਼ ਬੋਅ ਰਹੀ ਸੀ । ਇਹ ਉਹ ਹੀ ਪ੍ਰੈਸ ਸੀ ਜਿਸ ਨੇ ਪੰਜਾਬ ਨੂੰ ਮੁੜ ਦੋ ਭਾਸ਼ਾਈ ਬਣਾਉਣ ਦੇ ਯਤਨ ਕੀਤੇ ਸਨ ਤੇ ਹਿੰਦੂਆਂ ਨੂੰ ਮਾਂ ਬੋਲੀ ਪੰਜਾਬੀ ਅਪਨਾਉਣ ਤੋਂ ਰੋਕਿਆ। ਉਸ ਸਮੇਂ ਦੇ ਪੁਲਿਸ ਮੁੱਖੀ ਪੀਐਸਭਿੰਡਰ ਨੇ ਮਹਾਸ਼ਿਆ ਵੱਲੋਂ ਲਾਏ ਤਕਰੀਬਨ ਉਪਰੋਕਤ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਸੀ ।
ਬਾਬਾ ਜਰਨੈਲ ਸਿੰਘ ਨੂੰ ਵੀ ਪ੍ਰੈਸ ਨਾਲ ਅਕਸਰ ਇਹੀ ਗਿਲਾ ਸੀ ਉਸ ਦੀਆਂ ਤਕਰੀਰਾਂ ਨੂੰ ਗਲਤ ਰੰਗਤ ਦੇ ਕੇ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ।ਪੱਤਰਕਾਰ ਐਸ. ਕਰਪੇਕਰ ਨੇ ਇਸ ਦੀ ਪੁਸ਼ਟੀ ਕਰਦਿਆ ਲਿਖਿਆ ਭਿੰਡਰਾਂ ਵਾਲਾ ਅਖੀਰ ਤੱਕ ਇਹੀ ਕਹਿੰਦਾ ਰਿਹਾ ਕਿ ਉਹ ਉਨ੍ਹਾਂ ਕਤਲਾਂ ਵਾਸਤੇ ਜਿੰਮੇਵਾਰ ਨਹੀੰ ਜਿੰਨਾਂ ਦੀ ਆੜ ਹੇਠ ਫੌਜ ਹਮਲਾਵਰ ਹੋ ਕਿ ਆਉਣਾ ਚਾਹੁੰਦੀ ਹੈ।
ਭਾਰਤੀ ਫੌਜ ਦਾ ਤਜਰਬੇਕਾਰ ਜਰਨੈਲ ਮੇਜਰ ਸ਼ੁਬੇਗ ਸਿੰਘ ਜਿਸ ਨੇ ਪਾਕਿਸਤਾਨੀ ਫ਼ੌੋਜ ਤੋਂ ਹਥਿਆਰ ਸਟਾਉਣ ਅਤੇ ਬੰਗਲਾ ਦੇਸ਼ ਦੀ ਹੋਂਦ ਲਈ ਅਹਿਮ ਹਿੱਸਾ ਪਾਇਆ,ਉਸ ਨੂੰ ਇਮਾਨਦਾਰੀ ਨਾਲ ਕੀਤੀ ਸੇਵਾ ਦਾ ਇਵਜ਼ਾਨਾ ਸਜ਼ਾ ਦੇ ਰੂਪ ਵਿੱਚ ਮਿਲਿਆ।ਦੇਸ਼ ਦੀ ਬੇਸ਼ੱਕਕੀਮਤੀ ਸੇਵਾ ਉਪਰੰਤ ਬ੍ਰਾਹਣਵਾਦੀ ਸਰਕਾਰ ਪਾਸੋਂ ਖੁਆਰੀ ਮਿਲੀ। ਜਿਸ ਨੇ ਸਿੱਖਾਂ ਨਾਲ ਹੁੰਦੇ ਵਿਤਕਰੇ ਦੇ ਜ਼ਖਮਾਂ ਨੂੰ ਆਪਣੀ ਦੇਹੀ ਤੇ ਹੰਢਾਇਆ ।ਇਹ ਜਰਨੈਲ ,ਬਾਬਾ ਜਰਨੈਲ ਸਿੰਘ ਦੀ ਸੱਜੀ ਬਾਂਹ ਦੇ ਰੂਪ ‘ਚ ਉਭਰਿਆ ਤੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆਂ ਲਈ ਵਿੳੇਂਤਬੰਦੀ ਦਾ ਜਿੰਮਾਂ ਆਪਣੇ ਸਿਰ ਲਿਆ।
2 ਜੂਨ 1984 ਨੂੰ ਦੇਸ ਦੀ ਮਲਿਕਾ ਬ੍ਰਾਹਮਣੀ ਇੰਦਰਾ ਇੱਕ ਪਾਸੇ ਦੇਸ਼ ਦੇ ਨਾਮ ਸੰਦੇਸ਼ ਜਾਰੀ ਕਰਕੇ ਅਕਾਲੀਆਂ ਨੂੰ ਪੰਜਾਬ ਮਸਲੇ ਦੇ ਹੱਲ ਦਾ ਸੱਦਾ ਦੇ ਰਹੀ ਸੀ ਤੇ ਦੂਜੇ ਪਾਸੇ ਫੌਜ ਨੂੰ ਪੰਜਾਬ ਕੂਚ ਕਰਨ ਦਾ ਲੁਕਵਾਂ ਹੁਕਮ ਦਿੱਤਾ ਜਾ ਰਿਹਾ ਸੀ । ਕੁਝ ਹੀ ਸਮੇਂ ਬਾਅਦ ਇਹ ਖਬਰ ਪ੍ਰਸਾਰਤ ਹੋਈ ਕਿ ਪੰਜਾਬ ਵਿੱਚ ਸਿਵਲ ਪ੍ਰਸ਼ਾਂਸ਼ਨ ਦੀ ਮਦਦ ਵਾਸਤੇ ਫੌਜ ਤਾਇਨਾਤ ਕੀਤੀ ਜਾ ਰਹੀ ਹੈ। ਪੱਛਮੀਂ ਕਮਾਂਡ ਦੇ ਲੈਫਟੀਨੈਂਟ ਜਨਰਲ ਆਰਐਸਦਿਆਲ ਨੂੰ ਗਵਰਨਰ ਪੰਜਾਬ ਦਾ ਸਲਾਹਕਾਰ ਨਿਯੁਕਤ ਕਰ ਦਿੱਤਾ।ਉਧਰ ਦਰਬਾਰ ਸਾਹਿਬ ਕੰਪਲੈਕਸ ਦੁਆਲੇ ਤਾਇਨਾਤ ਸੀ.ਆਰ.ਪੀ.ਐਫ ਅਤੇ ਬੀ.ਐਸ.ਐਫ ਨੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਅਰੰਭ ਕਰ ਦਿੱਤੀ । ਫ਼ੌਜ ਦੀ ਆਮਦ ਹੁੰਦਿਆਂ ਹੀ ਸਾਰਾ ਪੰਜਾਬ ਸੀਲ ਕਰ ਦਿੱਤਾ ਗਿਆ ਅਤੇ ਸੀ.ਆਰ.ਪੀ.ਐਫ ਦੇ ਟਿਕਾਣਿਆ ਉਪਰ ਫ਼ੌਜ ਆ ਬੈਠੀ। 3 ਜੂਨ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਹੋਣ ਸਦਕਾ ਕਾਫੀ ਸੰਗਤ ਪਾਵਨ ਅਸਥਾਨ ਤੇ ਪਹੁੰਚੀ ਹੋਈ ਸੀ ਫ਼ੌੋਜੀ ਗੋਲਾਬਾਰੀ ਸਦਕਾ ਅੰਦਰ ਕਾਫੀ ਸਿੰਘ 1-2 ਜੂਨ ਨੂੰ ਸ਼ਹੀਦ ਹੋਏ। ਫ਼ੌਜੀ ਮੁਖੀ ਕੇ.ਐਸ.ਬਰਾੜ ਜੋ ਇਹ ਵਿਚਾਰ ਲੈ ਕਿ ਆਇਆ ਸੀ ਕਿ ਤੋਪਾਂ ਤੇ ਗੋਲਿਆ ਦੀ ਗੂੰਜ ਨਾਲ ਵੱਡੇ-ਵੱਡੇ ਜਰਨੈਲ ਕੰਬ ਜਾਂਦੇ ਹਨ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕਰਨ ਵਾਲੇ ਫੌਜੀ ਦਸਤਿਆਂ ਦਾ ਅੰਦਰਲੇ ਸਿੰਘਾਂ ਨੇ ਯਥਾ-ਸ਼ਕਤਿ ਸੁਆਗਤ ਕੀਤਾ । ਕਮਾਂਡੋ ਦਸਤੇ ਅੰਦਰ ਜਾਣ ਵਿੱਚ ਨਾਕਾਮ ਹੋ ਗਏ । ਬਾਹਰੋ ਅਧੁਨਿਕ ਹਥਿਆਰਾਂ ਨਾਲ ਹੋ ਰਹੀ ਗੋਲਾ ਬਾਰੀ ਦਾ ਜੁਵਾਬ ਸਿੰਘਾਂ ਨੇ ਸੀਮਤ ਸਾਧਨਾਂ ਨਾਲ ਦਿੱਤਾ।ਭਾਵੇ ਸ਼ਸ਼ਤਰਾਂ ਦਾ ਅਭਾਵ ਸੀ ਪਰ ਗੁਰਧਾਮਾਂ ਦੀ ਰੱਖਿਆਂ ਅਤੇ ਕੌਮੀ ਗੈਰਤ ਉਪਰ ਹੋ ਰਹੇ ਇਸ ਹਮਲੇ ਦਾ ਮੂੰਹ ਤੋੜ ਜੁਵਾਬ ਦੇਣ ਦਾ ਜਜ਼ਬਾ ਮਨ ਅੰਦਰ ਸੀ। 2 ਤੋਂ ਲੈ ਕੇ 5 ਜੂਨ ਤੱਕ ਫੌਜ ਨੂੰ ਕੋਈ ਬਹੁਤੀ ਸਫਲਤਾ ਹਾਸਿਲ ਨਾ ਹੋਈ । ਅਖੀਰ ਵਿਸ਼ੇਸ਼ ਹਦਾਇਤਾਂ ਪ੍ਰਾਪਤ ਕਰਕੇ ਹਰਿਮੰਦਰ ਸਾਹਿਬ ਅੰਦਰ ਵਿਜਯੰਤ-72 ਟੈਂਕ ਏਪੀਸੀ ਗੱਡੀਆਂ ਅੰਦਰ ਭੇਜੀਆਂ ਜਿੰਨ੍ਹਾਂ ਨੇ ਪਰਿਕਰਮਾਂ ‘ਚ ਮੋਰਚਾ ਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਗੋਲਾ ਬਾਰੀ ਆਰੰਭੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ।ਅੰਦਰਲੇ ਸਿੰਘਾਂ ਨੇ ਜਰਨਲ ਸ਼ੁਬੇਗ ਸਿੰਘ ਦੀ ਅਗਵਾਈ ਵਿੱਚ ਜਿਸ ਤਰ੍ਹਾਂ ਫ਼ੌਜੀ ਹਮਲੇ ਦਾ ਜਵਾਬ ਦਿੱਤਾ,ਉਸ ਨੇ ਖਾਲਸਈ ਰਵਾਇਤਾਂ ਨੂੰ ਮੁੜ ਉਜਾਗਰ ਕੀਤਾ ।ਫ਼ੌਜ ਵੱਲੋਂ ਭਾਵੇ ਕਿ ਅੰਦਰ ਨਿਹੱਥੇ ਸ਼ਰਧਾਲੂਆਂ ਦਾ ਬੇਇਤੰਹਾ ਕਤਲੇਆਮ ਕੀਤਾ ਗਿਆ ਪ੍ਰਤੂੰ ਦਰਬਾਰ ਸਾਹਿਬ ਦੀ ਰੱਖਿਆ ਕਰ ਰਹੇ ਜੋਸ਼ੀਲੇ ਸਿੰਘਾਂ ਨੇ ਫ਼ੌਜ ਦਾ ਢੁਕਵਾਂ ਜਾਨੀ ਨੁਕਸਾਨ ਕੀਤਾ ।
6 ਜੂਨ ਨੂੰ ਬਾਬਾ ਜਰਨੈਲ ਸਿੰਘ ਅਤੇ ਉਨ੍ਹਾ ਦੇ ਸਾਥੀ ਦਰਬਾਰ ਸਾਹਿਬ ਜੀ ਦੀ ਰੱਖਿਆ ਕਰਦਿਆਂ ਫ਼ੌਜ ਨਾਲ ਲੋਹਾ ਲੈਂਦਿਆਂ ਜਾਮੇ ਸ਼ਹਾਦਤ ਪੀ ਗਏ। ਫ਼ੌਜ ਪੂਰੇ ਦਰਬਾਰ ਸਾਹਿਬ ਕੰਪਲੈਕਸ ਤੇ ਕਾਬਜ਼ ਹੋ ਗਈ। ਸਿੰਘਾਂ ਦੇ ਯੁਧਨੀਤਕ ਕਰਤਬਾਂ ਅਤੇ ਬਾਬਾ ਜਰਨੈਲ ਸਿੰਘ ਦੀ ਦ੍ਰਿੜ੍ਹਤਾ ਦਾ ਪ੍ਰਗਟਾਵਾ ਕਰਦਾ ਜਰਨਲ ਕੇ.ਐਸ.ਬਰਾੜ ਲਿਖਦਾ ਹੈ ਕਿ ਸੰਤ ਜਰਨੈਲ ਸਿੰਘ ਅਤੇ ਉਸ ਦੇ ਸਾਥੀ ਦ੍ਰਿੜ੍ਹਤਾ ਨਾਲ ਡਟੇ ,ਪੂਰੀ ਸੂਰਮਤਾਈ ਦਾ ਪ੍ਰਗਟਾਵਾ ਕੀਤਾ ਭਿੰਡਰਾਂ ਵਾਲਾ ਉਚ ਦਰਜੇ ਦਾ ਸੂਰਮਾਂ ਹੋ ਨਿਬੜਿਆ (ਨੀਲਾ ਤਾਰਾ ਦੀ ਅਸਲ ਕਹਾਣੀ)
ਇਸ ਸਾਕੇ ਨੇ ਕੌਮ ਅੰਦਰ ਪੰਥ ਪ੍ਰਸਤੀ ਦਾ ਅਥਾਹ ਜਜ਼ਬਾ ਪੈਦਾ ਕੀਤਾ ਪ੍ਰਤੂੰ ਰੋਹ ਤੋਂ ਉਠੀ ਖਾੜਕੂ ਲਹਿਰ ਜਲਦੀ ਹੀ ਸਰਕਾਰੀ ਏਜੰਸੀਆਂ ਦਾ ਸ਼ਿਕਾਰ ਹੋ ਗਈ। ਸਰਕਾਰੀ ਸ਼ਾਜਿਸ਼ ਅਧੀਨ ਬਾਬਾ ਜਰਨੈਲ਼ ਸਿੰਘ ਦੀ ਸ਼ਹਾਦਤ ਨੂੰ ਛਪਾਇਆ ਗਿਆ ਅਤੇ ਉਸ ਨੂੰ ਕੌਮੀ ਸ਼ਹੀਦ ਦੇ ਤੌਰ ਤੇ ਉਭਰਨ ਨਾ ਦਿੱਤਾ।ਸਾਰੀਆਂ ਖਾੜਕੂ ਜਥੇਬੰਦੀਆਂ ਨੇ ਜੋ ਬਾਬਾ ਜਰਨੈਲ ਸਿੰਘ ਜੀ ਦਾ ਸੰਸਥਾ ਪ੍ਰਭਾਵ ਕਬੂਲਦੀਆਂ ਸਨ ਨੇ ਬਾਬਾ ਜਰਨੈਲ ਸਿੰਘ ਦੇ ਜਿੰਦਾ ਹੋਣ ਦਾ ਅਤੇ ਦੁਬਾਰਾ ਪ੍ਰਗਟ ਹੋਣ ਦਾ ਪ੍ਰਚਾਰ ਕੀਤਾ ਸਿੱਟੇ ਵਜੋਂ ਕੋਈ ਨਵੀ ਲੀਡਰਸ਼ਿਪ ਨਾ ਉਭਰ ਸਕੀ ਅਤੇ ਪੰਥ ਦੋਖੀਆਂ ਨੂੰ ਖਾੜਕੂ ਸੰਘਰਸ਼ ਵਿੱਚ ਘੁਸਪੈਠ ਕਰਨ ਦਾ ਸੁਨਿਹਰਾ ਅਵਸਰ ਮਿਲਿਆ। ਖਾੜਕੂ ਜਥੇਬੰਦੀਆਂ ਵਿੱਚ ਆਪਸੀ ਖਿਚੋਤਾਣ ਇੱਕ ਜਥੇਬੰਦਕ ਢਾਂਚਾ,ਅਨੁਸ਼ਾਸ਼ਨ ਦੀ ਘਾਟ ਨੇ ਇਸ ਲਹਿਰ ਨੂੰ ਖਤਮ ਕਰਨ ਵਿੱਚ ਅਥਾਹ ਯੋਗਦਾਨ ਪਾਇਆ। ਪੰਥ ਪ੍ਰਸਤੀ ਦੀ ਗੱਲ ਕਰਨ ਵਾਲਿਆਂ ਨੂੰ ਸਰਕਾਰੀ ਦਹਿਸ਼ਤ ਗਰਦੀ ਦਾ ਸ਼ਿਕਾਰ ਹੋਣਾ ਪਿਆ,ਜਿਸ ਦੀਆਂ ਕਈ ਮਿਸਾਲਾਂ ਹਨ । ਕੌਮੀ ਜਜ਼ਬਾਤਾਂ ਦਾ ਪੱਖ ਪੂਰਨ ਵਾਲੇ ਵਿਦਵਾਨਾਂ ਨੂੰ ਜਿਥੇ ਸਰਕਾਰੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਉਥੇ ਖਾੜਕੂਆਂ ਦੇ ਭੇਸ ਵਿੱਚ ਸਰਕਾਰੀ ਏਜੰਟਾਂ ਨੇ ਵੀ ਕੋਈ ਘੱਟ ਨਾ ਕੀਤੀ । ਪੇਂਡੂ ਲੋਕਾਂ ਦੇ ਘਰ ਖਾੜਕੂਆਂ ਦੀਆਂ ਛੁਪਣਗਾਹਾਂ ਸਨ ਪ੍ਰਤੂੰ ਖਾੜਕੂਆਂ ਦੇ ਭੇਸ ਵਿੱਚ ਸਰਕਾਰੀ ਕਾਲੀਆਂ ਬਿੱਲੀਆਂ ਦੀਆਂ ਕਾਲੀਆਂ ਕਰਤੂਤਾਂ ਨੇ ਖਾੜਕੂਆਂ ਨੂੰ ਪੇਂਡੂ ਲੋਕਾਂ ਵਿੱਚ ਨਫਰਤ ਦਾ ਪਾਤਰ ਬਣਾ ਦਿੱਤਾ। ਸਿਆਸੀ ਮਹਾਂਰਥੀਆਂ ਨੇ ਖਾੜਕੂਆਂ ਨੂੰ ਪੁੱਜ ਕੇ ਆਪਣ ਹਿੱਤਾਂ ਦੀ ਪੂਰਤੀ ਵਾਸਤੇ ਵਰਤਿਆ। ਸਰਕਾਰੀ ਅਸ਼ੀਰਵਾਦ ਪ੍ਰਾਪਤ ਸੰਤਾਂ ਨੇ ਜਿੁਥੇ ਅਜਿਹੇ ਘੱਲੂਘਾਰੇ ਦੀ ਯਾਦ ਦੇ ਨਿਸ਼ਾਨ ਵੀ ਮਿਟਾ ਦਿੱਤੇ ਉਥੇ ਕੌਮ ਨੇ ਵੀ ਸੰਗਠਤ ਹੋ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਸ ਦਾ ਇੱਕ ਖਾਸ ਸ਼ਾਜਿਸ਼ ਅਧੀਨ ਨੁਕਸਾਨ ਕੀਤਾ ਗਿਆ ਦੀ ਪੂਰਤੀ ਬਾਰੇ ਕੋਈ ਨਿੱਗਰ ਪ੍ਰੋਗ੍ਰਾਮ ਨਾ ਉਲੀਕਿਆ ਕਿਉਂ ਕਿ ਲਾਇਬ੍ਰੇਰੀ ਨੂੰ ਅੱਗ 8-9 ਜੂਨ ਨੂੰ ਲਗਾਈ ਗਾਈ ਪ੍ਰਤੂੰ 6-7 ਜੂਨ ਨੂੰ ਫ਼ੌਜ ਹਰਿੰਮਦਰ ਸਾਹਿਬ ਤੇ ਕਾਬਜ਼ ਹੋ ਚੁੱਕੀ ਸੀ ਤੇ ਅੰਦਰ ਕੋਈ ਖਾੜਕੂ ਨਹੀਂ ਸੀ ਜਿਸ ਦਾ ਬਹਾਨਾ ਬਣ ਸਕੇ।ਭਰੋਸੇ ਯੋਗ ਸੂਤਰਾਂ ਅਨੁਸਾਰ ਉਨ੍ਹਾਂ ਸਾਹਿਤ ਸਾੜਿਆਂ ਨਹੀਂ ਹੈ ਬਲਕਿ ਸਰਕਾਰ ਦੇ ਪਾਸ ਮੌਜ਼ੂਦ ਹੈ। ਕੌਮ ਨੂੰ ਜਥੇਬੰਦਕ ਹੋ ਕਿ ਇਸ ਅਣਮੁੱਲੇ ਸਾਹਿਤ ਦੀ ਪ੍ਰਾਪਤੀ ਲਈ ਉਪਰਾਲਾ ਕਰਨਾ ਚਾਹੀਦਾ ਹੈ ।
ਆਰ.ਐਸ.ਐਸ ਦੀ ਰਾਜਨੀਤਕ ਸ਼ਾਖਾ ਜੋ ਰਾਜ ਗੱਦੀ ਉਪਰ ਬਿਰਾਜਮਾਨ ਰਹੀ ਸੀ ਵੱਲੋਂ ਬਣਾਇਆ ਗਿਆ ਭਾਰਤੀ ਇਤਿਹਾਸ ਪਰਿਕਲਪ ਬੋਰਡ ਭਾਰਤ ਦੇ 5000 ਸਾਲਾ ਇਤਿਹਾਸ ਨੂੰ ਮਨਮਰਜ਼ੀ ਨਾਲ ਤੋੜ ਮਰੋੜ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਹਿੰਦੂ ਆਰੀਆ ਹਮਲਾਵਰ ਨਹੀਂ ਬਲਕਿ ਮੂਲ ਹਿੰਦ ਵਾਸੀ ਹਨ। ਭਾਰਤ ਸਰਕਾਰ ਦੇ ਕਬਜ਼ੇ ‘ਚ ਪਿਆ ਸਿੱਖ ਰੈਫਰੈਂਸ ਲਾਇਬ੍ਰੇਰੀ ਤੋ ਲੁਟਿਆ ਸਾਡਾ ਵੱਡਮੁੱਲਾ ਸਾਹਿਤ ਜੇਕਰ ਕਿਸੇ ਅਜਿਹੀ ਸੰਸਥਾ ਦੇ ਹੱਥ ਆਇਆ ਤਾਂ ਮਨ ਮਰਜ਼ੀ ਦਾ ਖਿਲਵਾੜ ਕੀਤਾ ਜਾਵੇਗਾ।ਅਜੇ ਵੀ ਸਮਾਂ ਹੈ ਵਿਦਵਾਨ ਜਥੇਬੰਦ ਹੋ ਕਿ ਇਹ ਮਸਲਾ ਸਰਕਾਰ ਅੱਗੇ ਪੇਸ਼ ਕਰ ਸਕਦੇ ਹਨ । ਸਿੱਖ ੀ ਲੀਡਰ ਸ਼ਿਪ ਨੂੰ ਵੀ ਸੰਜ਼ੀਦਾ ਹੋ ਕਿ ਇਸ ਪ੍ਰਤੀ ਨਿਗਰ ਉਪਰਾਲਾ ਕਰਨਾ ਚਾਹੀਦਾ ਹੈ ॥ਮਗਰੋਂ ਹੱਥ ਛੱਡ ਕਿ ਅੱਰਕਾਂ ਚੱਟਣੀਆਂ ਔਖੀਆਂ ਹੋਣਗੀਆਂ। ਪਲਾਂ ਦੇ ਖੁੰਝੇ ਸਦੀਆਂ ਤੇ ਡਿੱਗ ਪਵਾਂਗੇ ਇਤਿਹਾਸ ਗਵਾਹ ਹੈ:
" ਵੋ ਵਕਤ ਭੀ ਦੇਖੇ ਹੈ ,ਤਾਰੀਖ ਕੀ ਰਾਹੋਂ ਨੇ ।
ਲ਼ਮਹੋਂ ਨੇ ਖ਼ਤਾ ਕੀ,ਸਦੀਓਂ ਨੇ ਸਜ਼ਾ ਪਾਈ । "
" ਵੋ ਵਕਤ ਭੀ ਦੇਖੇ ਹੈ ,ਤਾਰੀਖ ਕੀ ਰਾਹੋਂ ਨੇ ।
ਲ਼ਮਹੋਂ ਨੇ ਖ਼ਤਾ ਕੀ,ਸਦੀਓਂ ਨੇ ਸਜ਼ਾ ਪਾਈ । "
Spl thanks
Punjab Spectrum
No comments:
Post a Comment