MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Friday, September 10, 2010

ਅਣਖ ਤੇ ਗ਼ੈਰਤ ਦੀ ਪ੍ਰਤੀਕ: ਦਸਤਾਰ

“ਜੇ ਤਖਤ ਨਹੀਂ, `ਤੇ ਤਾਜ਼ ਨਹੀਂ, ਤਾਂ ਕਿੰਗ ਨਹੀਂ। ਜੇ ਕੇਸ ਨਹੀਂ, ਦਸਤਾਰ ਨਹੀਂ, ਤਾਂ ਸਿੰਘ ਨਹੀਂ”। ਦਸਤਾਰ ਸਰਦਾਰੀ ਦੀ ਨਿਸ਼ਾਨੀ ਹੈ। ਇਸ ਲਈ ਦਸਤਾਰ ਨੂੰ ਸਿੱਖ ਲਿਬਾਸ ਦਾ ਜ਼ਰੂਰੀ ਅੰਗ ਨਿਰਧਾਰਿਤ ਕੀਤਾ ਗਿਆ ਹੈ। ਸਿੱਖੀ ਅਸੂਲਾਂ ਅਨੁਸਾਰ ਸਿੱਖ ਦੀ ਸਾਬਤ-ਸੂਰਤ ਸਿਰ ਉੱਪਰ ਦਸਤਾਰ ਨਾਲ ਹੀ ਪੂਰੀ ਹੁੰਦੀ ਹੈ। ਭਾਈ ਨੰਦ ਲਾਲ ਜੀ ਤਨਖਾਹਨਾਮੇ ਵਿੱਚ ਲਿਖਦੇ ਹਨ :- “ਕੰਘਾ ਦੋਨੋ ਵਕਤ ਕਰ, ਪਾਗ ਚੁਨਈ ਕਰ ਬਾਂਧਈ” ਭਾਵ ਕਿ ਦਸਤਾਰ ਨੂੰ ਇਕੱਲਾ-ਇਕੱਲਾ ਪੇਚ ਕਰਕੇ ਲੜ੍ਹਾਂ ਨੂੰ ਚੁਣ-ਚੁਣ ਕੇ ਬੰਨ, ਨਾ ਹੀ ਟੋਪੀ ਦੀ ਤਰ੍ਹਾਂ ਉਤਾਰੇ ਅਤੇ ਨਾ ਹੀ ਟੋਪੀ ਦੀ ਤਰ੍ਹਾਂ ਰੱਖੇ। ਦਸਤਾਰ ਸਿੱਖੀ ਦੀ ਸ਼ਾਨ ਹੈ ਅਤੇ ਸਿੱਖ ਸਤਿਗੁਰਾਂ ਵੱਲੋਂ ਬਖਸ਼ਿਆ ਉਹ ਮਹਾਨ ਚਿੰਨ੍ਹ ਹੈ ਜਿਸ ਨਾਲ ਸਿੱਖ ਦੇ ਨਿਆਰੇਪਣ ਦੀ ਹੋਂਦ ਦਾ ਪ੍ਰਗਟਾਵਾ ਹੁੰਦਾ ਹੈ। ਇਹ ਇੱਕ ਅਜਿਹਾ ਚਿੰਨ ਹੈ ਜਿਸ ਨੂੰ ਧਾਰਨ ਕਰਕੇ ਹਰ ਸਿੱਖ ਦਾ ਸਿਰ ਫਖ਼ਰ ਨਾਲ ਉਚਾ ਹੋ ਜਾਂਦਾ ਹੈ ਕਿਉਂਕਿ ਸਿੱਖ ਵਾਸਤੇ ਇਹ ਸਿਰਫ਼ ਇੱਕ ਧਾਰਮਿਕ ਚਿੰਨ੍ਹ ਹੀ ਨਹੀਂ, ਬਲਕਿ ਸਿੱਖ ਦੇ ਸਿਰ ਦਾ ਤਾਜ ਹੈ। ਇਸ ਦਸਤਾਰ ਰੂਪੀ ਤਾਜ ਨੂੰ ਕਾਇਮ ਰੱਖਣ ਲਈ ਅਨੇਕਾਂ ਕੁਰਬਾਨੀਆਂ ਹੋਈਆਂ ਹਨ। ਸਤਿਗੁਰੂ ਜੀ ਨੇ ਇਸ (ਦਸਤਾਰ) ਦੀ ਪੂਰੀ ਕੀਮਤ ਆਪਣੇ ਚਾਰ ਪੁੱਤਰ, ਮਾਤਾ-ਪਿਤਾ, ਅਤੇ ਬੇਅੰਤ ਸਿੱਘਾਂ ਅਤੇ ਆਪਾ ਵਾਰ ਕੇ ਤਾਰ ਦਿੱਤੀ ਹੈ। ਜਿਸ ਸਦਕਾ ਅੱਜ ਸਾਰੇ ਸੰਸਾਰ ਵਿੱਚ ਇੱਕ ਸਾਬਤ-ਸੂਰਤ ਦਸਤਾਰਧਾਰੀ ਨੂੰ “ਸਰਦਾਰ ਜੀ” ਕਹਿ ਕੇ ਬੁਲਾਇਆ ਜਾਂਦਾ ਹੈ। ਕਵੀ ਹਰੀ ਸਿੰਘ ਜਾਚਕ ਬੜਾ ਸੁੰਦਰ ਲਿਖਦੇ ਹਨ:- “ਕਲਗੀਧਰ ਦੇ ਹੁੰਦੇ ਨੇ ਦਰਸ਼ਨ, ਸੋਹਣੇ ਸਜੇ ਹੋਏ ਸਿੰਘ ਸਰਦਾਰ ਵਿੱਚੋਂ, ਲੱਖਾਂ ਵਿੱਚੋਂ ਇਕੱਲਾ ਪਹਿਚਾਨਿਆ ਜਾਂਦਾ, ਸਰਦਾਰੀ ਬੋਲਦੀ ਦਿਸੇ ਦਸਤਾਰ ਵਿੱਚੋਂ” ਇਹ ਦਸਤਾਰ ਸਿੱਖੀ ਦੀ ਇੱਜਤ ਤੇ ਅਣਖ ਦੀ ਪ੍ਰਤੀਕ ਹੈ। ਸਾਡੇ ਸਮਾਜ ਵਿੱਚ ਦਸਤਾਰ ਜਾਂ ਪੱਗ ਨੂੰ ਹੱਥ ਪਾਉਣ, ਪੱਗ ਲਾਹੁਣ, ਪੱਗ ਰੋਲਣ, ਪੱਗ ਪੈਂਰੀ ਰੱਖਣ ਤੋਂ ਵੱਡੀ ਹੋਰ ਬੇਇੱਜ਼ਤੀ ਨਹੀਂ। ਇਹ ਗੱਲ ਆਮ ਸੁਨਣ ਵਿੱਚ ਆਉਦੀ ਹੈ ਕਿ ਦੇਖੀਂ! ਪੱਗ ਨੂੰ ਦਾਗ ਨਾ ਲੱਗਣ ਦੇਈਂ। ਦਸਤਾਰ ਲਈ ਮਰ-ਮਿਟਣ ਵਾਲੇ ਸੂਰਮਿਆਂ ਦੀਆਂ ਵਾਰਤਾਵਾਂ ਆਮ ਪ੍ਰਚੱਲਤ ਹਨ। ਪਰ ਸਖ਼ਤ ਅਫਸੋਸ ਕਿ ਸਾਡੇ ਅਖੌਤੀ ਸਿੱਖ ਲੀਡਰ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਆਪਣੀ ਹਊਮੈ ਨੂੰ ਪੱਠੇ ਪਾਉਣ ਲਈ ਅਤੇ ਕੁਰਸੀ ਦੀ ਭੁੱਖ ਪਿੱਛੇ ਲੱਗ ਕੇ ਆਪਣੇ ਹੀ ਹੋਰ ਲੀਡਰ ਭਰਾਵਾਂ ਦੀਆਂ ਪੱਗਾਂ ਉਤਾਰ ਰਹੇ ਹਨ, ਜੋ ਕਿ ਇੱਕ ਚਿੰਤਾਜਨਕ ਵਿਸ਼ਾ ਹੈ। ਇੱਕ ਸਮਾਂ ਸੀ ਜਦ ਸਿੱਖੀ ਲਈ, ਕੇਸਾਂ ਲਈ, ਅਤੇ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੇ ਸਿਰ ਦੇ ਇਸ ਤਾਜ ਲਈ ਸ਼ਹਾਦਤ ਦਾ ਜਾਮ ਪੀਣ ਵਿੱਚ ਜ਼ਰਾ ਦੇਰ ਨਹੀਂ ਲਾਉਂਦੇ ਸਨ। ਚੋਣਵੇਂ ਰੰਗਾਂ ਨਾਲ ਮੈਚਿੰਗ ਕਰਕੇ ਬੰਨ੍ਹੀ ਪੱਗ ਕਿਸੇ ਬਾਦਸ਼ਾਹੀ ਤਾਜ ਤੋਂ ਘੱਟ ਨਹੀਂ ਹੁੰਦੀ। ਪਰ ਅਜੌਕੇ ਸਮੇਂ ਸਿੱਖ ਨੌਜਵਾਨਾਂ ਵੱਲੋਂ ਪੱਗ ਦੇ ਮਹੱਤਵ ਨੂੰ ਅਣਗੌਲਿਆ ਜਾ ਰਿਹਾ ਹੈ। ਅੱਜ ਨੌਜਵਾਨ, ਆਪਣੇ ਅਮੀਰ ਵਿਰਸੇ ਤੋਂ ਅਣਜਾਣ, ਗੁੰਮਰਾਹ ਹੋ ਕੇ ਧੜਾਧੜ ਕੇਸਾਂ ਦੀ ਬੇਅਦਬੀ ਕਰ ਰਹੇ ਹਨ। ਸਿੱਖ ਨੌਜਵਾਨਾਂ ਵੱਲੋਂ ਟੋਪੀ ਦੀ ਬਿਮਾਰੀ ਇਸੇ ਭੇਡ-ਚਾਲ ਦਾ ਨਤੀਜਾ ਹੈ। ਪਰ ਸੱਚੇ ਸਿੱਖ ਨਾ ਹੀ ਗੁਲਾਮੀ ਅਤੇ ਨਾ ਹੀ ਗ਼ੁਲਾਮੀ ਦੇ ਚਿੰਨ੍ਹਾਂ ਨੂੰ ਕਬੂਲ ਕਰਦੇ ਹਨ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਲਾਮ ਮਾਨਸਿਕਤਾ ਵਾਲੇ ਲੋਕਾਂ ਨੂੰ ਝੰਜੋੜ ਕੇ ਉਹਨਾਂ ਨੂੰ ਅਣਖ, ਗ਼ੈਰਤ ਨਾਲ ਜੀਊਣ ਲਈ ਪ੍ਰੇਰਿਆ। ਆਪ ਜੀ ਨੇ ਉਹਨਾਂ ਹਿੰਦੁਸਤਾਨੀ ਲੋਕਾਂ ਨੂੰ ਸਖ਼ਤ ਲਾਹਨਤਾਂ ਪਾਈਆਂ ਜਿਹੜੇ ਵਿਦੇਸ਼ੀ ਹਾਕਮਾਂ ਦੀ ਖੁਸ਼ੀ ਪ੍ਰਾਪਤ ਕਰਨ ਲਈ ਆਪਣੀ ਬੋਲੀ, ਆਪਣੇ ਵਿਰਸੇ ਅਤੇ ਆਪਣੇ ਪਹਿਰਾਵੇ ਨੂੰ ਤਿਆਗ ਰਹੇ ਸਨ। ਆਪ ਜੀ ਜਾਣਦੇ ਸਨ ਕਿ ਇਹ ਪ੍ਰਵਿਰਤੀ ਮਾਨਸਿਕ ਗ਼ੁਲਾਮੀ ਦਾ ਕਾਰਨ ਬਣੇਗੀ, ਜੋ ਕਿ ਰਾਜਸੀ ਗੁਲਾਮੀ ਨਾਲੋਂ ਵੱਧ ਖਤਰਨਾਕ ਹੈ। ਦਸਤਾਰ ਦੇ ਵਿਸ਼ੇ `ਤੇ ਲਿਖਦਿਆਂ ਇੱਕ ਗੱਲ ਯਾਦ ਆ ਗਈ ਕਿ 1977-78 ਵਿੱਚ ਇੰਗਲੈਂਡ ਦੇ ਇੱਕ ਸ਼ਹਿਰ ਵੁਲਵਰਹਪੈਂਟਨ ਵਿਚਲੇ ਸਕੂਲ ਵਿੱਚ ਛੇਵੀਂ ਕਲਾਸ ਦੇ ਇੱਕ ਸਿੱਖ ਵਿਦਿਆਰਥੀ ਕੁਲਵਿੰਦਰ ਸਿੰਘ ਨੂੰ ਇਸ ਕਰਕੇ ਸਕੂਲਾਂ ਵਿੱਚੋਂ ਕੱਢ ਦਿੱਤਾ ਗਿਆ ਕਿਉਂਕਿ ਉਹ ਦਸਤਾਰ ਸਜਾ ਕੇ ਸਕੂਲ ਆਇਆ ਸੀ। ਉਸ ਬੱਚੇ ਨੇ ਸਕੂਲੋਂ ਬਾਹਰ ਆ ਕੇ ਗੱਤੇ ਉਪਰ ਸਕੂਲੋਂ ਕੱਢੇ ਜਾਣ ਦਾ ਸੰਖੇਪ ਵਰਨਣ ਕਰਕੇ ਆਪਣੀ ਛਾਤੀ ਨਾਲ ਲਗਾ ਲਿਆ। ਲੋਕ ਉਸ ਬੱਚੇ ਨੂੰ ਦੇਖਦੇ ਅਤੇ ਪ੍ਰਿੰਸੀਪਲ ਨੂੰ ਬੁਰਾ-ਭਲਾ ਕਹਿਣ ਲੱਗੇ। ਅਗਲੇ ਦਿਨ ਸਿੱਖਿਆ ਵਿਭਾਗ ਦੇ ਵੱਡੇ ਅਫ਼ਸਰ ਨੇ ਸਾਰੀ ਰਾਤ ਠੰਢ ਵਿੱਚ ਠੰਠਬਰ ਦੇ ਕੁਲਵਿੰਦਰ ਸਿੰਘ ਨੂੰ ਉਥੋਂ ਹਟਾਇਆ ਅਤੇ ਉਸ ਨੂੰ ਦਸਤਾਰ ਸਜਾ ਕੇ ਸਕੂਲ ਵਿੱਚ ਆਉਣ ਦੀ ਆਗਿਆ ਦਿੱਤੀ। ਇਸ ਘਟਨਾ ਨੇ ਇੰਗਲੈਂਡ ਵਾਸੀਆਂ ਨੂੰ ਦਰਸਾ ਦਿੱਤਾ ਕਿ ਇੱਕ ਸਿੱਖ ਲਈ ਦਸਤਾਰ ਦੀ ਕਿਤਨੀ ਮਹਾਨਤਾ ਹੈ। ਇੱਥੇ ਇੱਕ ਹੋਰ ਗੱਲ ਦੱਸਣਯੋਗ ਹੈ ਕਿ ਸਿੱਖ ਆਪਣੇ ਸਿਰ ਦੇ ਤਾਜ ਭਾਵ ਦਸਤਾਰ ਪੱਗ ਦਾ ਸਤਿਕਾਰ ਅਤੇ ਇੱਜ਼ਤ ਤਾਂ ਕਰਦੇ ਹੀ ਹਨ, ਸਗੋਂ ਇਹ ਗੁਰੂ ਦਸਮੇਸ਼ ਪਿਤਾ ਦੇ ਸਿੱਖ ਆਪਣੇ ਦੁਸ਼ਮਣਾਂ ਦੀਆਂ ਦਸਤਾਰਾਂ ਦੀ ਵੀ ਪੂਰੀ ਕਦਰ ਕਰਦੇ ਹਨ। ਮੁਹਸਨ ਫਾਨੀ ਨੇ ਲਿਖਿਆ ਹੈ ਕਿ ਸਿੱਖ ਦੁਸ਼ਮਣ ਦੀ ਦਸਤਾਰ ਦੀ ਵੀ ਇੱਜ਼ਤ ਕਰਦੇ ਸਨ, ਜਦੋਂ ਮੈਦਾਨ -ਏ-ਜੰਗ ਵਿੱਚ ਕਿਸੇ ਦੁਸ਼ਮਣ ਦੇ ਸਿਰ ਤੋਂ ਉਸਦੀ ਪੱਗ ਲੱਥ ਜਾਂਦੀ ਤਾਂ ਇਹ ਤਲਵਾਰ ਦਾ ਵਾਰ ਰੋਕ ਕੇ ਉਸਨੂੰ ਮੁਖਾਤਿਬ ਹੁੰਦਿਆ ਕਹਿੰਦੇ ਸਨ, ਭਲੇ -ਮਾਣਸਾ! ਆਪਣੀ ਪੱਗ ਸੰਭਾਲ। ਮੈਂ ਤੇਰੀ ਇੱਜ਼ਤ ਉਤਾਰਨ ਲਈ ਹੀ ਜੰਗ ਵਿੱਚ ਨਹੀਂ ਆਇਆ ਹਾਂ, ਮੇਰੀ ਲੜਾਈ ਸਿਰਫ਼ ਤੇ ਸਿਰਫ਼ ਜ਼ੁਲਮ ਦੇ ਖਿਲਾਫ ਹੈ। ਸ. ਗੁਰਬਖਸ਼ ਸਿੰਘ ਜੀ ਯੂ. ਕੇ. ਵਾਲਿਆਂ ਨੇ ਲਿਖਿਆ ਹੈ ਕਿ ਇੱਕ ਵਾਰ ਅਮਰੀਕਾ ਵਿੱਚ ਇੱਕ ਸਿੱਖ ਡਾਕਟਰ (ਜੋ ਉਹਨਾਂ ਦਾ ਦੋਸਤ ਵੀ ਸੀ) ਨੂੰ ਡਿਗਰੀ (ਪੀ. ਐਚ. ਡੀ) ਪਾਸ ਕਰਨ ਤੋਂ ਬਾਅਦ ਵੀ ਜੱਦ ਉਸਨੂੰ ਨੌਕਰੀ ਲਈ ਉੱਤਰ ਨਾਂਹ ਦਾ ਹੀ ਮਿਲਦਾ ਰਿਹਾ ਤਾਂ ਉਸ ਦੇ ਡੀਨ ਨੇ ਉਸ ਨੂੰ ਕਿਹਾ “ਡਾਕਟਰ ਸਿੰਘ! ਤੇਰੇ ਮੂੰਹ ਦੇ ਉਪਰਲੀ ਦਾਹੜ੍ਹੀ ਅਤੇ ਸਿਰ ਤੇ ਸਜੀ ਤੇਰੀ ਦਸਤਾਰ ਵੇਖ ਕੇ ਤੈਨੂੰ ਕੋਈ ਵੀ ਨੌਕਰੀ ਦੇਣ ਲਈ ਤਿਆਰ ਨਹੀਂ ਹੋ ਰਿਹਾ। ਮੈਂ ਮਨੋਵਿਗਿਆਨੀ ਨੂੰ ਖਰਚਾ ਦੇ ਦਿੰਦੀ ਹਾਂ ਜੋ ਤੈਨੂੰ ਇਹ ਸਮਝਾ ਸਕੇ ਕੇ ਇਹਨਾਂ ਚੀਜਾਂ ਦੀ ਤੈਨੂੰ ਕੋਈ ਲੋੜ ਨਹੀਂ ਹੈ ਤਾਂਕਿ ਤੈਨੂੰ ਆਪਣੇ ਕੇਸ ਦਾਹੜ੍ਹੀ ਦਾ ਤਿਆਗ ਕਰਨ ਅਤੇ ਦਸਤਾਰ ਉਤਾਰਨ ਵਿੱਚ ਕੋਈ ਵੀ ਦੁੱਖ ਮਹਿਸੂਸ ਨਾ ਹੋਵੇ”। ਤਾਂ ਅੱਗੋਂ ਉਸ ਸਾਬਤ-ਸੂਰਤ ਸਿੱਖ ਡਾਕਟਰ ਦਾ ਜੁਆਬ ਸੀ ਕਿ “ਧੰਨਵਾਦ! ਤੁਹਾਨੂੰ ਇਸ ਦਸਤਾਰ ਦੀ ਕੀਮਤ ਦਾ ਪਤਾ ਨਹੀਂ। ਇਹ ਮੈਨੂੰ ਆਪਣੀ ਜਾਨ ਨਾਲੋਂ ਵੀ ਵੱਧ ਪਿਆਰੀ ਹੈ। ਮੈਂ ਡਾਕਟਰ ਜਾਂ ਪ੍ਰੋਫੈਸਰੀ ਦੇ ਬਲਦੇ ਇਸਨੂੰ ਤਿਆਗ ਨਹੀਂ ਸਕਦਾ, ਇਸਨੂੰ ਵੇਚ ਨਹੀਂ ਸਕਦਾ”। ਘਰ ਆਉਂਦਾ ਕੋਈ ਹੋਰ ਕੰਮ ਕਰਨ ਬਾਰੇ ਸੋਚ ਰਿਹਾ ਸੀ। ਜੱਦ ਉਸ ਨੇ ਆਪਣੀ ਡਾਕ ਵੇਖੀ ਤਾਂ ਵੇਖਦਿਆਂ ਹੀ ਆਪਣਾ ਸਿਰ ਗੁਰੂ ਚਰਨਾਂ ਵਿੱਚ ਝੁਕਾ ਕੇ ਉਸ ਦਾ ਧੰਨਵਾਦ ਕਰਨ ਲੱਗ ਪਿਆ ਕਿ “ਐ ਗੁਰੂ ਪਾਤਸ਼ਾਹ! ਤੇਰਾ ਧੰਨਵਾਦ ਹੈ। ਜੋ ਤੁੰ ਮੈਨੂੰ ਅੱਜ ਲਏ ਇਮਤਿਹਾਨ ਵਿੱਚ ਪਾਸ ਹੋਣ ਲਈ ਸਮੱਰਥਾ ਅਤੇ ਤਾਕਤ ਦਿੱਤੀ”। ਦਰਅਸਲ ਉਸ ਨੂੰ ਯੂ. ਐੱਨ. ਓ ਵੱਲੋਂ ਇੱਕ ਬਹੁਤ ਹੀ ਵੱਡੀ ਅਤੇ ਮਾਣ ਵਾਲੀ ਨੌਕਰੀ ਦੀ ਚਿੱਠੀ ਮਿਲੀ ਸੀ। ਫਿਰ ਉਹ ਉੱਚੀ ਪਦਵੀ ਤੋਂ ਦਸਤਾਰ, ਕੇਸਾਂ ਅਤੇ ਦਾਹੜੀ ਸਮੇਤ ਰਿਟਾਇਰ ਹੋ ਕੇ ਅਮਰੀਕਾ ਵਿੱਚ ਰਹਿਣ ਲੱਗ ਪਿਆ ਸੀ। ਸ. ਗੁਰਬਖਸ਼ ਸਿੰਘ ਜੀ ਲਿਖਦੇ ਹਨ ਕਿ ਉਹ ਸਾਰੀ ਗੱਲ ਦੱਸ ਕੇ ਕਹਿਣ ਲੱਗਾ ਕਿ “ਅਸੀਂ ਹੀ ਡੋਲ ਜਾਂਦੇ ਹਾਂ ਉਂਝ ਗੁਰੂ ਤਾਂ ਹਰ ਸਮੇਂ ਸਾਡੇ ਨਾਲ ਰਹਿੰਦਾ ਹਨ ”। ਅਜੋਕੇ ਸਮੇਂ ਪੱਛਮੀ ਸਭਿਅਤਾ ਦੀ ਨਕਲ ਕਰਨ ਵਾਲੇ ਸੋਚਣ ਕਿ ਆਪਣੇ ਅਨਮੋਲ ਵਿਰਸੇ ਦਾ ਤਿਆਗ ਕਰਕੇ ਕਿਉਂ ਅੰਨ੍ਹੇਵਾਹ ਪੱਛਮੀ ਸੱਭਿਆਚਾਰ ਨੂੰ ਧਾਰਨ ਕਰਨ ਵਿੱਚ ਫਖਰ ਮਹਿਸੂਸ ਕਰਦੇ ਹਨ। ਕੀ ਇਹ ਗ਼ੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਨਹੀਂ? ਅੱਜ ਤੋਂ ਪੁਰਾਣੇ ਸਮੇਂ ਵਿੱਚ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪਹਿਲਾਂ ਮਾਵਾਂ ਆਪਣੇ ਬੱਚਿਆਂ ਦੀਆਂ ਦਸਤਾਰਾਂ ਚੁੰਮਦੀਆਂ ਹੋਈਆਂ ਬੱਚਿਆਂ ਦੀ ਸੋਹਣੀ ਦਸਤਾਰ ਤੇ ਮਾਣ ਕਰਦੀਆਂ ਸਨ। ਪਰ ਉਸ ਦੇ ਬਿਲਕੁਲ ਉਲਟ ਅੱਜ ਦੀਆਂ ਮਾਵਾਂ ਬੱਚਿਆਂ ਦੇ ਕੇਸਾਂ ਨੂੰ ਸੰਭਾਲਣਾ ਵੀ ਬੋਝ ਸਮਝਦੀਆਂ ਹਨ। ਅੱਜ ਦੇ ਮਾਤਾ-ਪਿਤਾ ਨੂੰ ਕਿੱਟੀ ਪਾਰਟੀਆਂ, ਟੀ. ਵੀ ਸੀਰੀਅਲਾਂ ਦੇ ਮਜ਼ੇ ਲੈਣ ਤੋਂ ਵਿਹਲ ਨਹੀਂ ਮਿਲਦੀ, ਉਹ ਆਪਣੇ ਬੱਚਿਆਂ ਨੂੰ ਸਿੱਖ ਸਰੂਪ ਵਾਲਿਆਂ ਦੀ ਦਾਸਤਾਨ ਅਤੇ ਕੁਰਬਾਨੀ ਕਿਵੇਂ ਸੁਣਾ ਸਕਦੀਆਂ ਹਨ? ਖਿਆਲ ਕਰਿਉ! ਜਿਹੜੀ ਕੌਮ ਆਪਣੀ ਬੋਲੀ, ਆਪਣਾ ਪਹਿਰਾਵਾ ਹੀ ਭੁੱਲ ਜਾਵੇਂ, ਯਕੀਨਨ ਹੀ ਉਹ ਗ਼ੁਲਾਮੀ ਦੀ ਖੱਡ ਵੱਲ ਵੱਧ ਰਹੀ ਹੈ। ਆਪਣੇ ਵਿਰਸੇ ਨੂੰ ਭੁਲਾ ਦੇਣ ਤੋਂ ਵੱਡੀ ਅਕ੍ਰਿਤਘਣਤਾ ਹੋਰ ਕੀ ਹੋ ਸਕਦੀ ਹੈ? ਕਿੰਨੀ ਹੈਰਾਨੀ ਦੀ ਗੱਲ ਹੈ ਕਿ ਹਿੰਦੁਸਤਾਨੀ ਲੋਕ ਰਾਜਨੀਤਿਕ ਤੌਰ `ਤੇ ਤਾਂ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਹੋ ਗਏ ਹਨ ਪਰ ਮਾਨਸਿਕ ਤੌਰ `ਤੇ ਅਜੇ ਵੀ ਗ਼ੁਲਾਮ ਤੁਰੇ ਆ ਰਹੇ ਹਨ। ਅੱਜ ਜਦੋਂ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਤਾਂ ਆਪਣੇ ਵਿਰਸੇ ਦੀ ਸੰਭਾਲ ਬਾਰੇ ਸੰਘਰਸ਼ ਕਰ ਰਹੇ ਹਨ, ਉੱਦਮ ਕਰ ਰਹੇ ਹਨ, ਵਿਦੇਸ਼ਾਂ ਵਿੱਚ ਡਰਾਇਵਿੰਗ ਸਮੇਂ ਜਾਂ ਫੈਕਟਰੀਆਂ ਵਿੱਚ ਕੰਮ ਕਰਨ ਸਮੇਂ ਲੋਹ-ਟੋਪ ਪਹਿਨਣਾ ਜ਼ਰੂਰੀ ਹੈ। ਪਰ ਉਥੋਂ ਦੇ ਸਿੱਖ ਦਸਤਾਰ ਦੇ ਗੌਰਵ ਨੂੰ ਬਰਕਾਰ ਰੱਖਣ ਲਈ ਅਦਾਲਤੀ ਸੰਘਰਸ਼ ਕਰ ਰਹੇ ਹਨ ਕਿ ਅਸੀਂ ਦਸਤਾਰ ਦੀ ਥਾਂ ਟੋਪੀ ਨਹੀਂ ਪਾਉਣੀ। ਪਰ ਅਫਸੋਸ ਅਸੀਂ ਆਪਣੀ ਧਰਤੀ `ਤੇ, ਆਪਣੇ ਦੇਸ਼ ਵਿੱਚ ਹੀ ਦਸਤਾਰ ਤਿਆਗ ਕੇ, ਟੋਪੀ ਪਹਿਣ ਕੇ ਆਪਣੇ ਗੌਰਵਮਈ ਵਿਰਸੇ ਨੂੰ ਕਲੰਕਿਤ ਕਰ ਰਹੇ ਹਾਂ। ਬੇਸ਼ੱਕ ਇਸਦਾ ਇੱਕ ਕਾਰਣ ਸਿੱਖ ਵਿਰੋਧੀਆਂ ਵੱਲੋਂ ਅਤੇ ਹਿੰਦੂ ਮੀਡੀਆਂ ਵੱਲੋਂ ਟੀ. ਵੀ. ਤੇ ਦਸਤਾਰਧਾਰੀ ਸਿੱਖਾਂ ਨੂੰ ਘਟੀਆ ਕਿਰਦਾਰ ਵਾਲਾ ਵਿਖਾਇਆ ਜਾ ਰਿਹਾ ਹੈ ਤਾਂ ਕਿ ਉਹ ਦਸਤਾਰ ਤਿਆਗ ਕੇ ਆਪਣੇ ਧਰਮ ਅਤੇ ਵਿਰਸੇ ਤੋਂ ਦੂਰ ਹੋ ਜਾਣ। ਇਸ ਲਈ ਸਾਨੂੰ ਵਿਸ਼ੇਸ਼ ਤੌਰ `ਤੇ ਯਤਨ ਕਰਨੇ ਚਾਹੀਦੇ ਹਨ ਅਤੇ ਸਾਵਧਾਨ ਹੋਣਾ ਚਾਹੀਦਾ ਹੈ ਅਤੇ ਆਪਣੀ ਦਸਤਾਰ ਅਤੇ ਅਣਖ ਨੂੰ ਖੁੱਦ ਕਾਇਮ ਕਰਨਾ ਹੈ। ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਸਰਦਾਰੀ ਨੂੰ ਸੰਸਾਰ ਦੀ ਦਿੱਖ ਬਣਾ ਸਕੀਏ। ਅੱਜ ਲੋੜ ਹੈ, ਗੌਰਵਮਈ ਵਿਰਸੇ ਨੂੰ ਸੰਭਾਲਣ ਦੀ ! ਆਪਣੀ ਅਣਖ ਅਤੇ ਗੈਰਤ ਨੂੰ ਕਾਇਮ ਰੱਖਣ ਦੀ ! ਟੋਪੀ ਨੂੰ ਪਹਿਨਣਾ ਗੁਲਾਮੀ ਨੂੰ ਕਬੂਲਣਾ ਹੈ ! ਅਣਖੀਲੇ ਨੌਜਵਾਨੋ! ਗੁਰੂ ਪਾਤਸ਼ਾਹ ਨੇ ਸਾਡੇ ਅੰਦਰ ਅਣਖ ਅਤੇ ਗੈਰਤ ਦਾ ਜਜ਼ਬਾ ਭਰਿਆ ਹੈ ! ਹੁਣ ਫੈਂਸਲਾ ਤੁਹਾਡੇ ਹੱਥ ਹੈ ਕਿ ਗੁਲਾਮੀ ਨੂੰ ਕਬੂਲਣਾ ਹੈ ਕਿ ਜਾਂ ਅਣਖ, ਗੈਰਤ ਤੇ ਆਜ਼ਾਦੀ ਨਾਲ ਜਿਊਣਾ ਹੈ ! ਦਸਤਾਰ ਅਣਖ ਅਤੇ ਅਜ਼ਾਦੀ ਦੀ ਨਿਸ਼ਾਨੀ ਹੈ ! ਅੱਜ ਆਪਣੇ ਵਿਰਸੇ ਨੂੰ ਚੇਤੇ ਰੱਖੋ ! ਦਸਤਾਰ ਕੇਸ ਸਿੱਖੀ ਦੀ ਸ਼ਾਨ ਹਨ !

1 comment:

Save Sikhi2 said...

"ਸਿੱਖੀ ਸਰੂਪ ਦੇ ਸੁੰਦਰ ਮੁਨਾਰਿਆਂ ਨੂੰ, ਕੈਂਚੀ ਬਲੇਡ ਦੇ ਨਾਲ ਨੇ ਢਾਈ ਫਿਰਦੇ।
ਕਈ ਗੁਰਸਿੱਖਾਂ ਦੇ ਪੁੱਤ ਪਤਿਤ ਹੋ ਕੇ, ਚਿੱਟੀ ਪੱਗ ਨੂੰ ਦਾਗ਼ ਨੇ ਲਾਈ ਫਿਰਦੇ।
ਕਤਲ ਕਰਵਾਂਦੇ ਨੇ ਕੇਸ ਇਹ ਬੋਝ ਕਹਿ ਕੇ, ਐਪਰ ਸਰੀਰ ਦਾ ਬੋਝ ਇਹ ਚਾਈ ਫਿਰਦੇ।
ਸੁੰਦਰ ਸੋਹਣੀ ‘ਦਸਤਾਰ’ ਨੂੰ ਛੱਡ ਕੇ ਤੇ, ਅੱਜ ਟੋਪੀਆਂ ਸਿਰਾਂ ਤੇ ਪਾਈ ਫਿਰਦੇ।
ਪਾਵਨ ਕੇਸਾਂ ਦਾ ਪੂਰਾ ਸਤਿਕਾਰ ਕਰਨਾ, ਇਹਨੂੰ ਸਮਝ ਕੇ ਸਿੱਖੀ ਦੀ ਮੋਹਰ ਆਪਾਂ।
ਰੋਮ ਕੱਟਦੀਆਂ ਸਿੱਖਾਂ ਦੀਆਂ ਬੀਬੀਆਂ ਨੂੰ, ਕਰਨ ਦੇਈਏ ਨਾ ਪਾਪ ਇਹ ਘੋਰ ਆਪਾਂ।
ਸਜਾਉਣੀ ਸੋਹਣੀ ਦਸਤਾਰ ਏ ਸੀਸ ਉੱਤੇ, ਨੰਗੇ ਸਿਰ ਨਹੀਂ ਤੁਰਨੀ ਤੋਰ ਆਪਾਂ।
ਰਹਿਣੈ ‘ਜਾਚਕ’ ਸਦਾ ਹੀ ਸ਼ੇਰ ਬਣਕੇ, ਨਹੀਂ ਗਿੱਦੜ ਦਾ ਬਣਨਾ ਕੁੱਝ ਹੋਰ ਆਪਾਂ।"