MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Saturday, October 27, 2012

SAKA PANJA SAHIB

ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਪ੍ਰਣਾਮ







20ਵੀਂ ਸਦੀ ਦੇ ਆਰੰਭ ਵਿਚ ਗੁਰਦੁਆਰਾ ਸੁਧਾਰ ਲਹਿਰ ਨੇ ਸਮੁੱਚੀ ਸਿੱਖ ਕੌਮ ਵਿਚ ਜਿਹੜੀ ਜਾਗ੍ਰਿਤੀ ਪੈਦਾ ਕੀਤੀ, ਉਸ ਦੀ ਗਵਾਹੀ ਸਿੱਖ ਇਤਿਹਾਸ ਦੇ ਪੰਨੇ ਬਾਖੂਬੀ ਬਿਆਨ ਕਰਦੇ ਹਨ।   ਇਸ ਲਹਿਰ ਦੇ ਦੌਰਾਨ ਨਨਕਾਣਾ ਸਾਹਿਬ ਦੀ ਪਾਵਨ ਧਰਤੀ 'ਤੇ ਵਾਪਰਿਆ ਸ਼ਹੀਦੀ ਸਾਕਾ ਲੂੰਅ ਕੰਡੇ ਖੜ੍ਹੇ ਕਰਨ ਵਾਲੀ ਅਹਿਮ ਘਟਨਾ ਹੈ।   ਗੁਰਦੁਆਰਾ ਸੁਧਾਰ ਲਹਿਰ ਦੀ ਇਕ ਹੋਰ ਅਹਿਮ ਘਟਨਾ 'ਗੁਰੂ ਕੇ ਬਾਗ ਦਾ ਮੋਰਚਾ' ਹੈ।   ਇਹ ਮੋਰਚਾ 8 ਅਗਸਤ, 1922 ਈ: ਨੂੰ ਆਰੰਭ ਹੋਇਆ।   ਇਸ ਮੋਰਚੇ ਵਿਚ ਸ਼ਾਮਿਲ ਹੋਣ ਵਾਲੇ ਮਰਜੀਵੜਿਆਂ ਦੇ ਜਥੇ ਸਮੁੱਚੇ ਪੰਜਾਬ ਵਿਚੋਂ ਵਹੀਰਾ ਘੱਤ ਕੇ ਆਉਂਦੇ ਸਨ। ਆਪਣੇ ਜਾਨ ਤੋਂ ਪਿਆਰੇ ਗੁਰਧਾਮਾਂ ਲਈ ਆਪਾ ਵਾਰਨ ਲਈ ਪਰਿਵਾਰਾਂ ਤੋਂ ਵਿਛੜਨ ਸਮੇਂ ਅਰਦਾਸ ਕਰਕੇ ਤੁਰਦੇ ਸਨ। ਮੋਰਚੇ ਵਿਚ ਸ਼ਾਮਿਲ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਪਹਿਲਾਂ ਅੰਮ੍ਰਿਤਸਰ ਦੇ ਕਿਲ੍ਹੇ ਗੋਬਿੰਦਗੜ੍ਹ ਵਿਚ ਬੰਦੀ ਬਣਾ ਕੇ ਰੱਖਿਆ ਜਾਂਦਾ ਸੀ। ਜਦੋਂ ਕੈਦੀਆਂ ਦੀ ਗਿਣਤੀ ਇਕ ਰੇਲ ਗੱਡੀ ਵਿਚ ਸਵਾਰ ਹੋਣ ਲਈ ਪੂਰੀ ਹੋ ਜਾਂਦੀ ਸੀ, ਤਾਂ ਇਸ ਤੋਂ ਪਿੱਛੋਂ ਦੂਰ-ਦੁਰਾਡੇ ਦੀਆਂ ਜੇਲ੍ਹਾਂ ਵਿਚ ਭੇਜ ਦਿੱਤਾ ਜਾਂਦਾ ਸੀ।   29 ਅਕਤੂਬਰ, 1922 ਈ: ਨੂੰ ਇਕ ਗੱਡੀ ਕੈਦੀ ਸਿੰਘਾਂ ਨਾਲ ਭਰ ਕੇ ਅੰਮ੍ਰਿਤਸਰ ਤੋਂ ਅਟਕ ਕਿਲ੍ਹੇ ਵੱਲ ਭੇਜੀ ਗਈ। ਗੁਰਦੁਆਰਾ ਪੰਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਨੇ ਅੰਮ੍ਰਿਤਸਰ ਤੋਂ ਅਟਕ ਜਾ ਰਹੀ ਰੇਲ ਗੱਡੀ ਵਿਚ ਸਵਾਰ ਕੈਦੀ ਸਿੰਘਾਂ ਨੂੰ ਨੇੜਲੇ ਸਟੇਸ਼ਨ 'ਹਸਨ ਅਬਦਾਲ' (ਪੱਛਮੀ ਪੰਜਾਬ) ਵਿਚ ਰੋਕ ਕੇ ਗੁਰੂ ਕਾ ਲੰਗਰ ਛਕਾਉਣ ਦਾ ਫ਼ੈਸਲਾ ਕੀਤਾ। ਇਸ ਰੇਲ ਗੱਡੀ ਨੇ ਇਸ ਸਟੇਸ਼ਨ 'ਤੇ ਬਿਨਾਂ ਰੁਕਣ ਤੋਂ ਹੀ ਅੱਗੇ ਨਿਕਲ ਜਾਣਾ ਸੀ। ਇਹ ਸਮਾਂ ਸਵੇਰੇ 10 ਵਜੇ ਦਾ ਸੀ। ਸਟੇਸ਼ਨ ਮਾਸਟਰ ਨੇ ਸੰਗਤ ਨੂੰ ਸੂਚਿਤ ਕਰ ਦਿੱਤਾ ਕਿ ਕੈਦੀ ਸਿੰਘਾਂ ਵਾਲੀ ਰੇਲ ਸਰਕਾਰ ਦੇ ਹੁਕਮ ਮੁਤਾਬਿਕ ਰੋਕੀ ਨਹੀਂ ਜਾ ਸਕਦੀ। ਲੰਗਰ ਛਕਾਉਣ ਲਈ ਉਤਾਵਲੀ ਹੋਈ ਸੰਗਤ ਰੇਲ ਪਟੜੀ ਉੱਪਰ ਬੈਠ ਗਈ। ਇਨ੍ਹਾਂ ਮਰਜੀਵੜੇ ਸ਼ਰਧਾਲੂਆਂ ਵਿਚੋਂ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਨੇ ਰੇਲ ਗੱਡੀ ਨੂੰ ਰੋਕਣ ਲਈ ਸ਼ਹੀਦੀ ਜਾਮ ਪੀ ਕੇ ਕੈਦੀ ਸਿੰਘਾਂ ਨੂੰ ਲੰਗਰ ਛਕਾਉਣ ਲਈ ਕੀਤੀ ਅਰਦਾਸ ਨੂੰ ਪੂਰਾ ਕੀਤਾ।   ਸ਼ਹੀਦ ਭਾਈ ਪ੍ਰਤਾਪ ਸਿੰਘ ਦਾ ਜਨਮ 26 ਮਾਰਚ, 1899 ਈ: ਨੂੰ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਅਕਾਲਗੜ੍ਹ ਦੇ ਸ: ਸਰੂਪ ਸਿੰਘ ਦੇ ਘਰ ਬੀਬੀ ਪ੍ਰੇਮ ਕੌਰ ਦੀ ਕੁੱਖ ਤੋਂ ਹੋਇਆ। ਆਪਣੇ ਕਸਬੇ ਵਿਚ ਸਿੱਖਿਆ ਪ੍ਰਾਪਤ ਕਰਨ ਤੋਂ ਪਿੱਛੋਂ ਭਾਈ ਪ੍ਰਤਾਪ ਸਿੰਘ ਸਰਗੋਧਾ ਜ਼ਿਲ੍ਹੇ ਦੀ ਮੰਡੀ ਭਲਵਾਲ ਵਿਚ ਅਧਿਆਪਕ ਨਿਯੁਕਤ ਹੋ ਗਏ। ਪਿੱਛੋਂ ਕਰਾਚੀ ਦੇ ਕਿਸੇ ਆੜਤੀਏ ਕੋਲ ਵੀ ਨੌਕਰੀ ਕੀਤੀ। 1918 ਵਿਚ ਇਨ੍ਹਾਂ ਦੀ ਸ਼ਾਦੀ ਬੀਬੀ ਹਰਨਾਮ ਕੌਰ ਨਾਲ ਹੋਈ। ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਤੋਂ ਪ੍ਰੇਰਿਤ ਹੋ ਕੇ ਨੌਕਰੀ ਛੱਡ ਦਿੱਤੀ। ਆਪਣਾ ਪੂਰਾ ਜੀਵਨ ਗੁਰਦੁਆਰਾ ਸੁਧਾਰ ਲਹਿਰ ਲਈ ਗੁਰੂ ਪੰਥ ਦੇ ਲੇਖੇ ਲਾਉਣ ਲਈ ਕੌਮ ਨੂੰ ਸਮਰਪਿਤ ਕਰ ਦਿੱਤਾ।   ਹੁਣ ਗੁਰਦੁਆਰਾ ਪੰਜਾ ਸਾਹਿਬ ਵਿਖੇ ਖਜਾਨਚੀ ਦੀ ਸੇਵਾ ਸ਼ੁਰੂ ਕਰ ਦਿੱਤੀ। ਇਸ ਸਾਕੇ ਦੇ ਦੂਸਰੇ ਸ਼ਹੀਦ ਭਾਈ ਕਰਮ ਸਿੰਘ ਸਨ। ਇਨ੍ਹਾਂ ਦਾ ਜਨਮ 14 ਨਵੰਬਰ, 1885 ਈ: ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਗ੍ਰੰਥੀ ਭਾਈ ਭਗਵਾਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਅੰਮ੍ਰਿਤ ਛਕਣ ਤੋਂ ਪਹਿਲਾਂ ਇਨ੍ਹਾਂ ਦਾ ਪਰਿਵਾਰਕ ਨਾਂਅ ਸ: ਸੰਤ ਸਿੰਘ ਸੀ। ਪਰ ਘਰ ਦੇ ਧਾਰਮਿਕ ਪ੍ਰਭਾਵ ਕਾਰਨ ਪਿਤਾ ਜੀ ਤੋਂ ਗੁਰਬਾਣੀ ਦੀ ਸੰਥਿਆ ਅਤੇ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਕੇ ਥੋੜ੍ਹੇ ਸਮੇਂ ਵਿਚ ਨਾਮਵਰ ਕੀਰਤਨੀਏ ਬਣ ਗਏ। 1922 ਈ: ਵਿਚ ਆਪਣੀ ਪਤਨੀ ਸਮੇਤ ਗੁ: ਪੰਜਾ ਸਾਹਿਬ ਦੇ ਦਰਸ਼ਨਾਂ ਨੂੰ ਗਏ, ਇਥੇ ਹੀ ਕੀਰਤਨ ਦੀ ਸੇਵਾ ਨਿਭਾਉਣ ਲੱਗ ਪਏ। ਇਥੇ ਹੀ ਅੰਮ੍ਰਿਤਪਾਨ ਕਰਕੇ ਸੰਤ ਸਿੰਘ ਤੋਂ ਕਰਮ ਸਿੰਘ ਨਾਂਅ ਰੱਖਿਆ ਗਿਆ। ਜਦੋਂ ਇਸ ਸਾਕੇ ਦੀ ਇਹ ਘਟਨਾ ਵਾਪਰੀ ਉਦੋਂ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਨੇ ਰੇਲਵੇ ਲਾਈਨ ਉੱਪਰ ਚੌਂਕੜੇ ਮਾਰ ਕੇ ਬੈਠੇ ਸਨ ਅਤੇ ਬਾਕੀ ਸੰਗਤਾਂ ਉਨ੍ਹਾਂ ਦੇ ਪਿੱਛੇ ਰੇਲ ਲਾਈਨ ਉੱਪਰ ਬੈਠੀਆਂ ਸਨ।   ਗੱਡੀ ਵਿਸਲਾਂ ਮਾਰਦੀ ਆ ਰਹੀ ਸੀ, ਪਰ ਇਹ ਮਰਜੀਵੜੇ ਆਪਣੇ ਅਕੀਦੇ ਅਤੇ ਕੀਤੀ ਹੋਈ ਅਰਦਾਸ ਤੋਂ ਜ਼ਰਾ ਜਿੰਨਾ ਵੀ ਨਹੀਂ ਥਿੜਕੇ। ਰੇਲ ਗੱਡੀ ਰੁਕ ਤਾਂ ਗਈ ਪਰ ਗਿਆਰਾਂ ਸਿੰਘਾਂ ਨੂੰ ਦਰੜਕੇ। ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਸਨ, ਪਰ ਸੁਆਸ ਚੱਲ ਰਹੇ ਸਨ। ਸਾਰੇ ਜ਼ਖਮੀਆਂ ਨੂੰ ਗੁ: ਪੰਜਾ ਸਾਹਿਬ ਦੇ ਗੁਰਧਾਮ ਵਿਚ ਇਲਾਜ ਲਈ ਪਹੁੰਚਾਇਆ ਗਿਆ। ਲੰਗਰ ਲੈ ਕੇ ਪੁੱਜੀ ਸਿੱਖ ਸੰਗਤ ਨੇ ਕੈਦੀ ਸਿੰਘਾਂ ਦੀ ਗੁਰੂ ਕੇ ਲੰਗਰ ਨਾਲ ਭਰਪੂਰ ਸੇਵਾ ਕੀਤੀ। ਇਸ ਘਟਨਾ ਦੀ ਖ਼ਬਰ ਪੂਰੀ ਦੁਨੀਆ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ।   ਇਹ ਸਾਕਾ 29 ਅਕਤੂਬਰ, 1922 ਨੂੰ ਵਾਪਰਿਆ। ਸਮੁੱਚੇ ਸੰਸਾਰ ਦੀਆਂ ਦੂਸਰੀਆਂ ਕੌਮਾਂ ਵਿਚ ਸਿੱਖ ਕੌਮ ਦੀ ਆਪਾ ਵਾਰ ਕੇ ਭੁੱਖੇ ਸਾਥੀ ਕੈਦੀਆਂ ਨੂੰ ਲੰਗਰ ਛਕਾਉਣ ਦੀ ਚਰਚਾ ਤਾਂ ਹੋਣੀ ਹੀ ਸੀ, ਉਥੇ ਅੰਗਰੇਜ਼ ਸਰਕਾਰ ਨੂੰ ਲਾਹਨਤ ਦਾ ਟਿੱਕਾ ਵੀ ਪੱਕੇ ਤੌਰ 'ਤੇ ਮੱਥੇ ਦਾ ਕਲੰਕ ਬਣ ਗਿਆ।   ਗੰਭੀਰ ਰੂਪ ਵਿਚ ਦੋਵੇਂ ਜ਼ਖਮੀ ਸਾਥੀ ਭਾਈ ਧਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ 31 ਅਕਤੂਬਰ ਨੂੰ ਸ਼ਹਾਦਤ ਪ੍ਰਾਪਤ ਕਰ ਗਏ। ਪਹਿਲੀ ਨਵੰਬਰ ਨੂੰ ਦੋਵਾਂ ਸ਼ਹੀਦਾਂ ਦਾ ਸੰਸਾਕਰ ਰਾਵਲਪਿੰਡੀ ਵਿਖੇ 'ਲਈ' ਨਦੀ ਦੇ ਕਿਨਾਰੇ ਕੀਤਾ ਗਿਆ।   1947 ਦੀ ਦੇਸ਼ ਦੀ ਵੰਡ ਤੋਂ ਪਹਿਲਾਂ ਤਿੰਨ ਦਿਨਾਂ ਸ਼ਹੀਦੀ ਜੋੜ ਮੇਲਾ ਇਨ੍ਹਾਂ ਸ਼ਹੀਦਾਂ ਦੀ ਯਾਦ 'ਚ ਪੰਜਾ ਸਾਹਿਬ ਦੇ ਪਵਿੱਤਰ ਅਸਥਾਨ 'ਤੇ ਅਕਤੂਬਰ ਦੇ ਅੰਤ ਵਿਚ ਲਗਦਾ ਸੀ।   ਪਰ ਹੁਣ ਕੇਵਲ ਇਨ੍ਹਾਂ ਸ਼ਹੀਦਾਂ ਦੀ ਅਮਰ ਯਾਦ ਹੀ ਬਾਕੀ ਹੈ।   ਧਰਮ ਲਈ ਆਪਾ ਕੁਰਬਾਨ ਕਰਨ ਅਤੇ ਗੁਰਧਾਮਾਂ ਦੀ ਆਜ਼ਾਦੀ ਲਈ ਮਰ ਮਿਟਣ ਵਾਲੇ ਇਸ ਅਮਰ ਸਾਕੇ ਦੇ ਸ਼ਹੀਦਾਂ ਨੂੰ ਸਾਡਾ ਪ੍ਰਣਾਮ।

No comments: