MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Thursday, December 24, 2009

‘ਧੀਏ ਖੂਹ ’ਚ ਛਾਲ ਮਾਰਜੀਂ, ਪਰ……’

ਕਈ ਵਾਰ ਉਸ ਨੇ ਆਪਣੀ ਗੱਡੀ ’ਤੇ ਉਥੋਂ ਲੰਘਦੇ ਨੇ ਉਹ ਕੁੜੀ ਉਥੇ ਖੜ੍ਹੀ ਵੇਖੀ ਸੀ। ਪਤਾ ਨਹੀਂ ਕਿਉਂ ਹਰ ਵਾਰ, ਜਦੋਂ ਉਹ ਉਸ ਕੁੜੀ ਦਾ ਚਿਹਰਾ ਵੇਖਦਾ ਤਾਂ ਉਹ ਉਸ ਨੂੰ ਜਾਣਿਆਂ-ਪਛਾਣਿਆਂ ਲੱਗਦਾ। ਕਈ ਵਾਰ ਉਹ ਜਦੋਂ ਉਥੇ ਨਾ ਹੁੰਦੀ ਤਾਂ ਓਹਦਾ ਕਾਲਜਾ ਪਾਟਣ ਨੂੰ ਆਉਂਦਾ ਸੀ। ਆਪਣੇ ਦਿਲ ਦੀ ਧੜਕਣ ਉਸ ਨੂੰ ਆਪਣੇ ਕੰਨਾਂ ਨਾਲ ਸੁਣਦੀ ਪ੍ਰਤੀਤ ਹੁੰਦੀ ਸੀ। ਭਾਵੇਂ ਉਸ ਦਾ ਦਿਮਾਗ ਸ਼ਰੇਆਮ ਕਹਿ ਦਿੰਦਾ ਸੀ ਕਿ ਅੱਜ ਉਹ ਕੁੜੀ……… ਪਰ ਉਸ ਦਾ ਦਿਲ ਨਹੀਂ ਮੰਨਦਾ ਸੀ।
“ਨਹੀਂ ਨਹੀਂ…… ਅੱਜ ਉਹ ਘਰ੍ਹੋਂ ਹੀ ਨਈਂ ਆਈ ਹੋਣੀ…” ਉਸ ਦੇ ਮੂੰਹੋਂ ਆਪ ਮੁਹਾਰੇ ਨਿਕਲ ਜਾਂਦਾ।
ਕਈ ਵਾਰ ਉਸ ਦਾ ਜੀਅ ਕੀਤਾ ਕਿ ਉਹ ਕੁੜੀ ਨੂੰ ਮਿਲੇ, ਉਸ ਨਾਲ ਜਾ ਕੇ ਗੱਲ ਕਰੇ, ਉਸ ਨੂੰ ਪੁੱਛੇ ਕਿ ਉਹ ਕੌਣ ਹੈ ਤੇ ਏਸ ‘ਭੈੜੀ ਥਾਂ’ ’ਤੇ ਖੜ੍ਹੀ ਕੀ ਕਰਦੀ ਹੈ।
ਕਈ ਵਾਰ ਜਦੋਂ ਉਹ ਕੁੜੀ ਉਸਦੀ ਗੱਡੀ ਦੇ ਬਹੁਤ ਨੇੜੇ ਹੁੰਦੀ ਤਾਂ ਉਹ ਬੋਲਦਾ-ਬੋਲਦਾ ਰਹਿ ਜਾਂਦਾ, “ਚੱਲ ਕੁੜੀਏ, ਘਰ ਚੱਲ, ਏਥੇ ਤੇਰਾ ਕੀ ਕੰਮ, ਸਿਆਣੀਆਂ ਧੀਆਂ ਐਸ ਵੇਲੇ ਘਰ੍ਹੋਂ ਨ੍ਹੀ ਨਿਕਲਦੀਆਂ…”
ਪਰ ਹਮੇਸ਼ਾਂ ਉਹ ਚੁੱਪ ਰਹਿੰਦਾ। ਜਿੱਥੇ ਉਹ ਖੜ੍ਹੀ ਹੁੰਦੀ ਸੀ, ਉਥੇ ਕੋਈ ਇੱਜ਼ਤਦਾਰ ਬੰਦਾ ਨਹੀਂ ਜਾਂਦਾ ਸੀ। ਇਸੇ ਲਈ ਉਹ ਵੀ ਡਰਦਾ ਸੀ ਕਿ ਜੇ ਕਿਸੇ ਨੇ ਉਸ ਨੂੰ ਏਥੇ ਕੁੜੀ ਨਾਲ ਗੱਲ ਕਰਦੇ ਵੇਖ ਲਿਆ ਤਾਂ ਅਗਲਾ ਕੀ ਸੋਚੇਗਾ। ਸੋ……
ਕਰਦੇ ਕਰਦੇ ਡੇਢ-ਦੋ ਮਹੀਨੇ ਲੰਘ ਗਏ। ਹਰ ਰੋਜ਼ ਉਵੇਂ ਹੀ ਵਾਪਰਦਾ ਸੀ। ਉਸ ਦੀ, ਕੁੜੀ ਨਾਲ ਇਕ ਅਣਕਹੀ ਸਾਂਝ ਜਹੀ ਪੈ ਗਈ ਸੀ।
“ਯਰ ਚਰਨਜੀਤ, ਮੰਨ ਨਾ ਮੰਨ, ਪਰ ਇਹ ਕੁੜੀ ‘ਆਪਣੀ’ ਐਂ ਯਰ……” ਇਕ ਦਿਨ ਉਹ ‘ਉਸੇ ਥਾਂ’ ਤੋਂ ਆਪਣੇ ਮਿੱਤਰ ਚਰਨਜੀਤ ਸਿਹੁ ਨਾਲ ਲੰਘ ਰਿਹਾ ਸੀ। ਉਹ ਚਾਹੁੰਦਾ ਸੀ ਕਿ ਚਰਨਜੀਤ ਵੀ ਹਾਮੀ ਭਰੇ ਤੇ ਉਸ ਨੂੰ ‘ਆਪਣੀ’ ਕਹੇ।
“ਛੱਡ ਯਾਰ ਮੀਤ… ‘ਏਥੇ’ ਕੋਈ ਆਪਣਾ ਨਈਂ ਰਹਿ ਜਾਂਦਾ… ਇਹ ਮੰਡੀ ਆ ਯਾਰਾ ਮੰਡੀ… ਜਿਸਮਾਂ ਦੀ ਮੰਡੀ… ਵਿਕਾਊ ਜਿਸਮ ਖ੍ਰੀਦਾਰਾਂ ਦੀ ਭਾਲ ’ਚ ਝਾਕ ਰਹੇ ਨੇ ਚਾਰੇ ਪਾਸੇ… ਕੋਈ ‘ਆਪਣਾ’ ਨਈ ਏਥੇ… ਤੂੰ ਛੇਤੀ ਨਾਲ ਲੰਘ ਚੱਲ ਏਥੋਂ…”
“ਨਈਂ ਯਾਰਾ… ਪਤਾ ਨਈ ਕਿਉਂ… ਇਹ ਮੈਨੂੰ ਆਪਣੀ ‘ਰਾਜੋ’ ਵਰਗੀ ਲੱਗਦੀ ਆ…” ਏਨਾ ਕਹਿੰਦਿਆਂ ਉਸਦੀਆਂ ਅੱਖਾਂ ਵਿਚੋਂ ਪਾਣੀ ਵਹਿ ਤੁਰਿਆ।
******
‘ਰਾਜੋ’… ਰਾਜਵੰਤ ਕੌਰ। ਸਿਆਣੀ ਕੁੜੀ ਸੀ। ਮੀਤ ਦੀ ਭੂਆ ਦੀ ਕੁੜੀ। ਇਹਨਾਂ ਹੀ ਸੱਦਿਆ ਸੀ ਓਹਨੂੰ ਏਥੇ।
“ਰਾਜੋ ਭੈਣੇ ਤੇਰਾ ਏਥੇ ਈ ਵਿਆਹ ਕਰ ਦੇਣਾ ਹੁਣ… ਤੈਨੂੰ ਵਾਪਸ ਨ੍ਹੀ ਜਾਣ ਦੇਣਾ ਪੰਜਾਬ… ਏਥੇ ਈ ਰੱਖਣੈ ਹੁਣ ਬਸ… ਨਾਲੇ ਉਥੇ ‘ਹਾਲਾਤ’ ਬਹੁਤੇ ਚੰਗੇ ਨਹੀਂ…” ਕਈ ਵਾਰ ਮੀਤ ਨੇ ਜਦੋਂ ਖੁਸ਼ ਹੋਣਾ ਤਾਂ ਰਾਜਵੰਤ ਨੂੰ ਕਹਿਣਾ।
ਪਰ…… ਕੁਦਰਤ ਤਾਂ ਕੁਝ ਹੋਰ ਸੋਚੀ ਬੈਠੀ ਸੀ। ਰਾਜਵੰਤ ਦੀ ਜ਼ਿੰਦਗੀ ’ਚ ਇਕ ਮੁੰਡਾ ਆਇਆ। ਕੁਲਵੰਤ ਸਿੰਘ ਨਾਮ ਦੱਸਿਆ ਸੀ ਓਹਨੇ ਆਪਣਾ। ਕੇਸ ਤਾਂ ਕੱਟੇ ਹੋਏ ਸਨ ਓਹਦੇ, ਪਰ ਹੱਥ ਵਿਚ ਕੜਾ ਪਾ ਕੇ ਰੱਖਦਾ ਸੀ। ‘ਜਪੁਜੀ ਸਾਹਿਬ’ ਦਾ ਪਾਠ ਵੀ ਬਹੁਤ ਸੋਹਣਾ ਕਰਦਾ ਸੀ। ਰਾਜਵੰਤ ਦੇ ਸਟੋਰ ਦੇ ਨਾਲ ਦੇ ਸਟੋਰ ’ਚ ਕੰਮ ਕਰਦਾ ਸੀ ਉਹ। ਨੇੜਤਾ ਹੌਲੀ-ਹੌਲੀ ਵਧ ਗਈ ਤੇ ਓਹਨੇ ਕੁੜੀ ਨੂੰ ਵਿਆਹ ਦਾ ਲਾਰਾ ਵੀ ਲਾ ਦਿੱਤਾ। ਪਰ… ਅਸਲੀਅਤ ਕੁਝ ਹੋਰ ਈ ਸੀ। ਉਹ ਤਾਂ ਕੁੜੀ ਨੂੰ ਓਦੇਂ ਪਤਾ ਲੱਗਿਆ, ਜਿਦੇਂ ਉਸ ਨੇ ਉਹ ‘ਫੋਟੋਆਂ’ ਦਿਖਾਈਆਂ।
“ਮੈਂ ਨਈਂ ਜਾਣਦੀ ਸੀ ਕਿ ਤੂੰ ਏਨਾ ਨੀਚ ਐਂ… ਤੈਨੂੰ ਭੋਰਾ ਸ਼ਰਮ ਨਾ ਆਈ…”
“ਅੱਲਾ ਪਾਕ ਦੀ ਸੌਂਹ ਰਾਜਵੰਤ…… ਮੈਂ ਇਹ ਕਿਸੇ ਨੂੰ ਨਹੀਂ ਵਿਖਾਵਾਂਗਾ… ਬਸ ਤੂੰ ਮੇਰੇ ਨਾਲ ਚੱਲ ਤੇ ਮੁਸਲਮਾਨ ਬਣ ਜਾ… ਮੈਂ ਹੁਣੇ ਕਾਜ਼ੀ ਸਾਹਬ ਨਾਲ ਗੱਲ ਕਰਦਾਂ ਤੇ ਤੇਰਾ ਨਾਲ ਨਿਕਾਹ ਕਰਵਾ ਲੈਨਾਂ…” ਇਕਦਮ ਉਸਦੀ ਬੋਲੀ ਵਿਚਲੇ ਕਈ ਸ਼ਬਦ ਬਦਲ ਗਏ। ਕੁੜੀ ਸੁੰਨ ਹੋ ਗਈ। ਉਸ ਨੂੰ ਤਾਂ ਇਹ ਪਤਾ ਵੀ ਹੁਣ ਈ ਲੱਗਿਆ ਸੀ ਕਿ ਉਹ ਮੁਸਲਮਾਨ ਸੀ ਤੇ ਦਾ ਅਸਲੀ ਨਾਮ ਅਸ਼ਫ਼ਾਕ ਸੀ। ਬਸ… ਬੇਜ਼ਤੀ ਦੇ ਡਰੋਂ ਕੁੜੀ ਉਸ ਨਾਲ ਤੁਰ ਪਈ ਤੇ ਉਹ ਉਸ ਨੂੰ ਛੱਡ ਆਇਆ… ਬੈਂਕਾਕ… ਵੱਡੀ ਮੰਡੀ…।
******
ਅੱਜ ਜਦੋਂ ਮੀਤ ਉਥੋਂ ਲੰਘ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਉਸ ਕੁੜੀ ਨਾਲ ਇਕ ਕਾਲਾ ਖਹਿਬੜ ਰਿਹਾ ਸੀ। ਇੰਝ ਲੱਗਦਾ ਸੀ ਕਿ ਉਹ ਕਾਲਾ ਕੁੜੀ ਦੇ ਥੱਪੜ ਮਾਰ ਦੇਵੇਗਾ। ਮੀਤ ਦਾ ਮਨ ਬਹੁਤ ਘਬਰਾ ਗਿਆ। ਉਸ ਦਾ ਜੀਅ ਕੀਤਾ ਕਿ ਕਾਲੇ ਨੂੰ ਜਾ ਕੇ ਭਜਾ ਦੇਵੇ, ਪਰ ਉਹ ਬੈਠਾ ਰਿਹਾ। ਬੱਤੀ ਹਰੀ ਹੋ ਚੁੱਕੀ ਸੀ, ਪਰ ਉਸ ਨੇ ਗੱਡੀ ਨਹੀਂ ਤੋਰੀ। ਏਨੇ ਨੂੰ ਕਾਲੇ ਨੇ ਕੁੜੀ ਦੀ ਜਬਰਦਸਤੀ ਬਾਂਹ ਫੜ੍ਹ ਲਈ, ਪਰ ਕੁੜੀ ਨੇ ਝਟਕੇ ਨਾਲ ਛੁਡਾ ਲਈ। ਆਪਣੇ ਆਪ ਮੀਤ ਦੇ ਖੱਬੇ ਹੱਥ ਨੇ ਗੱਡੀ ਦੀ ਬਾਰੀ ਖੋਹਲ ਦਿੱਤੀ। ਸ਼ਾਇਦ ਦਿਮਾਗ ਦੀ ਥਾਂ ਦਿਲ ਨੇ ਹੱਥ ਨੂੰ ਇਸ਼ਾਰਾ ਕਰ ਦਿੱਤਾ ਸੀ। ਉਹ ਉੱਤਰਿਆ ਤੇ ਛੇਤੀ ਨਾਲ ‘ਉਥੇ ‘ਪਹੁੰਚ ਗਿਆ। ਜਦ ਦੂਜੀ ਵਾਰ ਕਾਲੇ ਨੇ ਕੁੜੀ ਦਾ ਹੱਥ ਫੜ੍ਹਿਆ ਤਾਂ ਮੀਤ ਨੇ ਇਕ ਜ਼ੋਰਦਾਰ ਧੱਕਾ ਉਸ ਨੂੰ ਮਾਰਿਆ।
you dirty dog...ਕਹਿੰਦਾ ਕਾਲਾ ਭੁੰਜੇ ਡਿੱਗ ਪਿਆ। ਸ਼ਰਾਬ ਨਾਲ ਰੱਜਿਆ ਹੋਇਆ ਸੀ ਉਹ। ਡਿੱਗਦਾ-ਢਹਿੰਦਾ ਉੱਠਿਆ ਤੇ i’ll see you...ਕਹਿੰਦਾ ਤੁਰ ਗਿਆ।
ਮੀਤ ਬਿਨਾ ਕੁੜੀ ਵੱਲ ਵੇਖੇ ਆਪਣੀ ਗੱਡੀ ਵਿਚ ਆ ਗਿਆ। ਅਜੇ ਉਸ ਨੇ ਗੱਡੀ ਸਟਾਰਟ ਕੀਤੀ ਹੀ ਸੀ ਕਿ ਪਰਲੀ ਬਾਰੀ ਵਿਚ ਦੀ ਕੁੜੀ ਆ ਕੇ ਖਲੋ ਗਈ।
“ਤੁਸੀਂ ਤਾਂ ‘ਆਪਣੇ’ ਈ ਓਂ… Thank you..” ਏਨੀ ਕੁ ਗੱਲ ਮੀਤ ਨੂੰ ਚੰਗੀ ਲੱਗੀ, ਪਰ ਕੁੜੀ ਫੇਰ ਬੋਲੀ,
Are you intrusted... forty pounds only... for one night...” ਮੀਤ ਦੇ ਸਿਰ ਵਿਚ ਜਿਵੇਂ ਕਿਸੇ ਨੇ ਮਣਾਂ ਮੂੰਹੀਂ ਭਾਰਾ ਪੱਥਰ ਦੇ ਮਾਰਿਆ ਸੀ ਉਹ ਸੁੰਨ ਹੋ ਗਿਆ
“ਕੀ ਗੱਲ ਸਰਦਾਰ ਜੀ… 40 ਪੌਂਡ ਤਾਂ ਕੋਈ ਬਾਹਲੇ ਨ੍ਹੀ… ਚਲੋਂ ਤੁਸੀਂ ਉਸ ‘ਰਿੱਛ’ ਤੋਂ ਮੇਰਾ ਖਹਿੜਾ ਛੁਡਾਇਐ… ਸੋ ਤੁਸੀਂ ਤੀਹ ਪੌਂਡ ਦੇ ਦਿਓ… ਨਾਲੇ ਮੈਂ ਮਸਾਜ ਵੀ ਕਰ ਲੈਂਦੀ ਹਾਂ…” ਬਸ਼ਰਮਾਂ ਵਾਂਗ ਉਹ ਫੇਰ ਬੋਲੀ।
ਮੀਤ ਦੀਆਂ ਅੱਖਾਂ ਵਿਚੋਂ ਹੰਝੂ ਤਰਿਪ-ਤਰਿਪ ਡਿੱਗ ਪਏ। ਉਸ ਦਾ ਉੱਚੀ ਧਾਹ ਮਾਰਨ ਨੂੰ ਦਿਲ ਕੀਤਾ।
“ਹਾਏ ਓ ਰੱਬਾ… ਅਸੀਂ ਲੋਕਾਂ ਦੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਦੇ ਰਾਖੇ… ਓ ਅੱਜ ਸਾਡੀਆਂ ਇੱਜ਼ਤਾਂ ਲੰਦਨ ਦੀਆਂ ਸੜਕਾਂ ’ਤੇ 30-30, 40-40 ਪੌਡਾਂ ਨੂੰ ਰੁਲਦੀਆਂ ਫਿਰਦੀਆਂ ਨੇ…”
ਇਕ ਦਮ ਮੀਤ ਨੂੰ ਲੰਡਨ ਗਜ਼ਨੀ ਦੇ ਬਜ਼ਾਰਾਂ ਵਰਗਾ ਜਾਪਿਆ।
“ਛੇਤੀ ਬੋਲੋ ਸਰਦਾਰ ਸਾਹਬ… ਨਹੀਂ ਮੈਂ ਕੋਈ ਹੋਰ ਲੱਭਾਂ…” ਕੁੜੀ ਕਾਹਲ ਵਿਚ ਸੀ, ਸ਼ਾਇਦ ਉਸ ਦੇ ‘ਗਾਹਕ’ ਲੰਘ ਰਹੇ ਸਨ।
“…ਓ… ਮੈਂ ਤਾਂ… ਕੁੜੀਏ… ਤੈਨੂੰ ਬਚਾਉਣ…” ਮਸਾਂ ਮੀਤ ਨੇ ਜੇਰਾ ਜਿਹਾ ਕਰਕੇ ਚਾਰ ਕੁ ਸ਼ਬਦ ਇਕੱਠੇ ਕੀਤੇ।
“ਐਵੇਂ ਬਾਹਲੀ ਹਮਦਰਦੀ ਨਾ ਵਿਖਾਓ ਸਰਦਾਰ ਜੀ… ਏਹ ਧੱਕਾ ਮੁੱਕੀ ਤਾਂ ਏਥੋਂ ਦਾ ਰੋਜ਼ ਦਾ ਕੰਮ ਐਂ… ਪੰਜ-ਦਸ ਪੌਂਡਾਂ ਪਿੱਛੇ ਆਮ ਈ ਗੱਲ ਵਿਗੜ ਜਾਂਦੀ ਐ…”
“ਪਰ… ਤੂੰ… ਕੁੜੀਏ… ਏਥੇ…” ਮੀਤ ਤੋਂ ਗੱਲ ਫੇਰ ਪੁਰੀ ਨਾ ਹੋਈ।
“ਜੇ ਏਥੇ ਨਾ ਆਵਾਂ ਤਾਂ ਕਾਲਜ ਦੀ ਫੀਸ ਕੌਣ ਭਰੂਗਾ… ਨਾਲੇ ਕਮਰੇ ਦਾ ਕਿਰਾਇਆ, ਬਿਜਲੀ ਦਾ ਬਿੱਲ ਤੇ…” ਕੁੜੀ ਦੇ ਗੱਲ ਅਜੇ ਮੂੰਹ ਵਿਚ ਈ ਸੀ ਕਿ ਮੀਤ ਬੋਲਿਆ,
“ਤੂੰ ਪੜ੍ਹਦੀ ਐਂ ਅਜੇ…”
“ਹਾਂ ਜੀ… ਮੈਂ ਪੜ੍ਹਦੀ ਆਂ ਤੇ ਸਟੱਡੀ ਵੀਜ਼ੇ ’ਤੇ ਆਂ ਏਥੇ… ਚੰਗਾ ਤੇ ਫੇਰ ਮੈਂ ਜਾਵਾਂ…”
“ਪਰ……” ਮੀਤ ਉਸ ਨੂੰ ਰੋਕਣਾ ਚਾਹੁੰਦਾ ਸੀ।
“ਪਰ ਕੀ ਜੀ… 30 ਪੌਂਡ…” ਮੀਤ ਕੁਝ ਨਾ ਬੋਲਿਆ।
“ਦਿਓਗੇ… ਜਾਂ ਮੈਂ ਜਾਵਾਂ”
“ਤੂੰ ਬਹਿਜਾ ਗੱਡੀ ’ਚ…”
“ਪਰ ਮੈਂ 30 ਪੌਂਡ ਤੋਂ ਘੱਟ ਨ੍ਹੀ ਲੈਣੇ…”
“ਆਜਾ ਆਜਾ… ਕੋਨੀ…” ਮੀਤ ਦਾ ਗੱਚ ਭਰ ਆਇਆ। ਕੁੜੀ ਬਹਿ ਗਈ ਤੇ ਮੀਤ ਨੇ ਗੱਡੀ ਤੋਰ ਲਈ।
“ਤੇਰਾ ਨਾਂ ਕੀ ਆ ਕੁੜੇ…” ਥੋੜੀ ਦੂਰ ਜਾ ਕੇ ਮੀਤ ਨੇ ਕੁੜੀ ਨੂੰ ਪੁੱਛਿਆ।
“ਰਾਜਵੰਤ… ਰਾਜਵੰਤ ਕੌਰ…” ਮੀਤ ਦਾ ਪੈਰ ਇਕਦਮ ਬਰੇਕ ਉੱਤੇ ਗਿਆ ਤੇ ਗੱਡੀ ਰੁਕ ਗਈ। ਉਸ ਨੇ ਧਿਆਨ ਨਾਲ ਕੁੜੀ ਦੇ ਮੂੰਹ ਵੱਲ ਵੇਖਿਆ।
“ਕੀ ਗੱਲ, ਗੱਡੀ ਕਿਉਂ ਰੋਕ ’ਤੀ”
“ਨਹੀਂ ਨਹੀਂ… ਕੁਝ ਨਹੀਂ…” ਕਹਿੰਦਿਆਂ ਮੀਤ ਨੇ ਰੇਸ ਦਬਾਈ ਤੇ ਆਪਣੇ ਹੰਝੂ ਵੀ ਕੁੜੀ ਤੋਂ ਲਕੋ ਲਏ।
“ਜੇ ਕੁੜੀਏ ਮੈਂ ਤੈਨੂੰ ਕੋਈ ਚੱਜ ਦਾ ਕੰਮ ਦਵਾ ਦੇਵਾਂ ਤਾਂ ਕੀ ਤੂੰ ਆਹ ਮਾੜਾ ਕੰਮ ਛੱਡ ਦਏਂਗੀ”
“ਕਿਹੜੀ ਨੌਕਰੀ ’ਚੋਂ ਏਨੀ ਕਮਾਈ ਹੋਊ… ਮੈਨੂੰ ਤਾਂ ਬਾਹਲੇ ਪੈਸਿਆਂ ਦੀ ਲੋੜ ਆ…”
“ਕਿੰਨੇ ਕੁ ਪੈਸਿਆਂ ਦੀ…”
“ਬਸ ਏਨੇ ਕੁ ਕਿ ਕਾਲਜ ਦੀ ਫੀਸ ਰਹਿਣ ਤੇ ਖਾਣ ਪੀਣ ਦਾ ਖਰਚਾ ਕੱਢਣ ਤੋਂ ਬਾਅਦ ਘਰ੍ਹੇ ਭੇਜਣ ਜੋਗੇ ਵੀ ਬਚ ਜਾਣ…”
“ਘਰ੍ਹੇ ਭੇਜਣ ਜੋਗੇ… ਤੂੰ ਏਥੇ ਪੜ੍ਹਣ ਆਈਂ ਐਂ ਕਿ ਕਮਾਈ ਕਰਨ…”
“ਬਾਪੂ ਨੇ ਘਰ ਗਹਿਣੇ ਧਰ ਕੇ ਮੈਨੂੰ ਏਥੇ ਭੇਜਿਐ… ਉਹ ਵੀ ਛਡਾਉਣੈ… ਪੜਾਈ ਦਾ ਤਾਂ ਬਹਾਨੈਂ… ਮੈਂ ਤਾਂ ਮਾੜੀ ਮੋਟੀ ਸੈੱਟ ਹੋ ਕੇ ਛੋਟੇ ਭਰਾ ਨੂੰ ਵੀ ਏਥੇ ਸੱਦਣੈ… ਊਹ ਵੀ ਖਹਿੜੇ ਪਿਆ ਹੋਇਐ… ਮੈਂ ਤਾਂ ਓਹਨੂੰ ਕਈ ਵਾਰੀ ਕਿਹੈ ਕਿ ਇਹ ਬਾਹਲੀ ਚੰਗੀ ਥਾਂ ਨੀ, ਪਰ ਉਹ ਮੰਨਦੈ… ਕਹਿਦਾ ਆਪ ਤਾਂ ‘ਮੌਜਾਂ’ ਲੈਂਦੀ ਐਂ ਇੰਗਲੈਂਡ ’ਚ ਤੇ ਮੈਨੂੰ ਕਹਿੰਦੀ ਐ ਚੰਗਾ ਨੀ… ਸ਼ਾਇਦ ਓਹਨੂੰ ਏਥੇ ਆ ਕੇ ਪਤਾ ਲੱਗਣੈ ਏ ਨਰਕ ਦਾ…” ਕੁੜੀ ਇਕੋ ਸਾਹ ਸਭ ਕੁਝ ਬੋਲ ਗਈ
“ਹਾਏ ਓ ਮੇਰੀਏ ਭੈਣੇ…” ਮੀਤ ਦੀ ਧਾਹ ਨਿਕਲ ਗਈ, “…ਤੈਨੂੰ ਮਾਪਿਆਂ ਨੇ ਆਈਂ ਤੋਰਤਾ ’ਕੱਲੀ ਨੂੰ… ਬਿਨਾ ਇਹ ਵੇਖਿਆਂ ਕਿ ਉਥੇ ਕੋਈ ਕੁੜੀ ਨੂੰ ਸਾਂਭਣ ਵਾਲਾ ਵੀ ਹੈ ਕੇ ਨਹੀਂ…” ਕੁੜੀ ਮੀਤ ਦੇ ਮੂੰਹੋਂ ‘ਭੈਣੇ’ ਸੁਣ ਕੇ ਹੈਰਾਨ ਜਹੀ ਹੋ ਗਈ।
“ਤੁਸੀਂ ਮੈਨੂੰ 30 ਪੌਂਡ ਦਿਓਗੇ ਤਾਂ ਸਹੀ ਨਾ…” ਉਸ ਨੇ ਡਰ ਜਾਹਰ ਕਰਦੀ ਨੇ ਕਿਹਾ।
“ਮੈਂ ਤੈਨੂੰ ਏਸ ਨਰਕ ’ਚੋਂ ਕੱਢਣ ਨੂੰ ਫਿਰਦਾਂ ਤੇ ਤੂੰ… ਕੋਈ ਨੀ ਦੇਦੂਂਗਾ ਤੈਨੂੰ 30 ਪੌਂਡ…” ਮੀਤ ਨੇ ਗੁੱਸੇ ਹੁੰਦੇ ਨੇ ਕਿਹਾ।
“ਨਹੀਂ ਨਹੀਂ… ਮੈਂ ਤਾਂ ਸੋਚਿਆ ਬੀ ਤੁਸੀਂ ਮੈਨੂੰ ਭੈਣ ਕਹੀ ਜਾਨੇ ਓਂ…”
“ਆਹੋ ਭੈਣ ਈ ਆਂ ਤੂੰ ਮੇਰੀ… ਤੇ ਮੈਂ ਤੈਨੂੰ ਕੋਈ ਮਾੜਾ ਕੰਮ ਕਰਨ ਨੀ ਲਿਆਇਆ… ਮੈਂ ਤੈਨੂੰ ਚੰਗੀ ਨੌਕਰੀ ’ਤੇ ਲਵਾਊਂ… ਆਵਦੇ ਦੇਸ਼ ਪੰਜਾਬ ਦੀ ਇੱਜ਼ਤ ਮੈਂ ਆਏਂ ਨੀ ਲੰਦਨ ਦੀਆਂ ਸੜਕਾਂ ’ਤੇ ਰੁਲਣ ਦੇਣੀ… ਤੂੰ ਮੇਰੀ ਭੈਣ ਵਾਅਦਾ ਕਰ ਮੇਰੇ ਨਾਲ ਬੀ ’ਗਾਹਾਂ ਤੋਂ ਇਹ ਭੈੜਾ ਕੰਮ ਨਹੀਂ ਕਰੇਂਗੀ ਤੇ ਉਹਨਾਂ ਬਦਨਾਮ ਗਲ਼ੀਆਂ ’ਚ ਮੁੜ ਨਹੀਂ ਜਾਏਂਗੀ…”
“ਠੀਕ ਆ ਵੀਰੇ…” ‘ਵੀਰੇ’ ਕੁੜੀ ਦੇ ਮੂੰਹੋਂ ਆਪ ਈ ਨਿਕਲ ਗਿਆ ਤੇ ਮੀਤ ਨੂੰ ਇਹ ਮਿਸ਼ਰੀ ਵਰਗਾ ਲੱਗਿਆ। ਉਹ ਕੁੜੀ ਵੱਲ ਵੇਖ ਕੇ ਥੋੜਾ ਮੁਸਕੁਰਾਇਆ। ਕੁੜੀ ਦੀਆਂ ਅੱਖਾਂ ਵਿਚ ਅੱਥਰੂ ਆ ਗਏ।
“ਏਜੰਟ ਕਹਿੰਦਾ ਸੀ, ਥੋਨੂੰ ਚੰਗੀ ਨੌਕਰੀ ਦਿਵਾਵਾਂਗੇ… ਫਰੀ ਹੋਸਟਲ ਹੋਵੇਗਾ… ਵਧੀਆਂ ਖਾਣ ਪੀਣ ਮਿਲੇਗਾ… ਪਰ ਏਥੇ… ਤੈਨੂੰ ਪਤੈ ਵੀਰੇ ਮੈਂ ਦੋ ਦਿਨਾਂ ਤੋਂ ਕੁਝ ਨੀ ਖਾਧਾ…” ਮੀਤ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ ਸੀ।
“…ਮੇਰਾ ਤਾਂ ਵੀਰੇ ਕਈ ਵਾਰ ਜੀਅ ਕੀਤੈ ਕਿ ਭੱਜ ਜਾਵਾਂ… ਪਰ ਫੇਰ ਬਾਪੂ ਦੇ ਸਿਰ ਦਾ ਕਰਜ਼ਾ ਤੇ ਭਰਾ ਦੇ ਹਿੱਸੇ ਦਾ ਗਹਿਣੇ ਪਿਆ ਘਰ ਦਿਸ ਪੈਂਦੈ… ਤੇ ਮੈਂ… ਕਈ ਵਾਰ ਤਾਂ ਮਨ ਕਰਦੈ ਕਿ ਹੀਥਰੋ ਹਵਾਈ ਅੱਡੇ ’ਤੇ ਚਲੀ ਜਾਵਾਂ ਤੇ ਉੱਚੀ-ਉੱਚੀ ਰੌਲਾ ਪਾਵਾਂ… ਕਿ ਚਲੀਆਂ ਜਾਓ ਵਾਪਸ ਜਿਹੜੀਆਂ ਨਵੀਆਂ ਆ ਰਹੀਆਂ ਓ… ਮੁੜ ਜਾਓ ਅਜੇ ਵੀ ਜੇ ਨਰਕ ਤੋਂ ਭੈੜੀ ਜ਼ਿੰਦਗੀ ਨ੍ਹੀ ਜਿਊਣੀ ਤਾਂ… ਨਾ ਵਧਿਓ ’ਗਾਹਾਂ ਜੇ ਬਾਪੂ ਦੀ ਪੱਗ ਤੇ ਮਾਂ ਦੀ ਚੁੰਨੀ ਦਾ ਫਿਕਰ ਐ ਤਾਂ…”
ਕੁੜੀ ਦੀ ਮਾੜੀ ਹੁੰਦੀ ਜਾ ਰਹੀ ਹਾਲਤ ਨੂੰ ਵੇਖ ਕੇ ਮੀਤ ਨੇ ਸਟੀਰੀਓ ਔਨ ਕਰ ਦਿੱਤਾ।
“ਚੰਗਾ ਕੀਰਤਨ ਸੁਣ… ਰੋ ਨਾ ਐਵੇਂ ਸਭ ਠੀਕ ਹੋਜੂ…”
ਸ਼ਬਦ ਚੱਲ ਪਿਆ,
“ਮੋਹਨਿ ਮੋਹਿ ਲੀਆ ਮਨੁ ਮੋਹਿ॥……
ਗਾਛਹੁ ਪੁਤ੍ਰੀ ਰਾਜ ਕੁਆਰਿ॥ ਨਾਮੁ ਭਣਹੁ ਸਚੁ ਦੋਤੁ ਸਵਾਰਿ॥
ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰਿ॥ ਗੁਰ ਸਬਦੀ ਬਿਖੁ ਤਿਆਸ ਨਿਵਾਰਿ॥”
ਜਦੋਂ ਇਹ ਤੁਕ ਆਈ ਤਾਂ ਰਾਜਵੰਤ ਬੋਲੀ, “ਇਹਦਾ ਕੀ ਅਰਥ ਆ ਵੀਰੇ…”
ਕਹਿੰਦੇ ਨੇ…… ਸਿੰਗਲਾਦੀਪ ਟਾਪੂ, ਜੀਹਨੂੰ ਅੱਜ-ਕੱਲ ਸ੍ਰੀ ਲੰਕਾ ਵੀ ਕਹਿੰਦੇ ਆ, ਦਾ ਰਾਜਾ ਹੁੰਦਾ ਸੀ ਸ਼ਿਵਨਾਭ। ਬੜਾ ਚੰਗਾ ਰਾਜਾ ਸੀ। ਹਰ ਆਏ ਸਾਧੂ ਸੰਤ ਦੀ ਚੰਗੀ ਟਹਿਲ ਸੇਵਾ ਕਰਦਾ ਸੀ। ਉਸ ਨੂੰ ਉਸਦੇ ਕੁਝ ਅਹਿਲਕਾਰਾਂ ਨੇ ਦੱਸਿਆ ਕਿ ਮਹਾਰਾਜ ‘ਨਾਨਕ’ ਫਕੀਰ ਏਧਰ ਨੂੰ ਆ ਰਿਹੈ। ਬਹੁਤ ਨਾਮ ਸੁਣਿਐਂ ਉਸਦਾ। ਕਹਿੰਦੇ ਨੇ ਬੜਾ ‘ਜ਼ਾਹਰ ਪੀਰ’ ਐ। ਇਸ ਤਰ੍ਹਾਂ ‘ਗੁਰੂ ਨਾਨਕ’ ਬਾਰੇ ਕਾਫੀ ਕੁਝ ਰਾਜੇ ਦੇ ਅਹਿਲਕਾਰਾਂ ਨੇ ਉਸ ਨੂੰ ਦੱਸਿਆ। ਰਾਜਾ ਬੜੀ ਬੇਸਬਰੀ ਨਾਲ ਗੁਰੁ ਨਾਨਕ ਨੂੰ ਉਡੀਕਣ ਲੱਗਾ। ਜਦੋਂ ਕੁਝ ਪਖੰਡੀ ਲੋਕਾਂ ਨੂੰ ਰਾਜੇ ਵੱਲੋਂ ਗੁਰੂ ਨਾਨਕ ਦੀ ਉਤਸੁਕਤਾ ਨਾਲ ਕੀਤੀ ਜਾ ਰਹੀ ਉਡੀਕ ਬਾਰੇ ਪਤਾ ਲੱਗਿਆ ਤਾਂ ਉਹਨਾਂ ਵਿਚੋਂ ਕਈ ਨਾਨਕ ਬਣ ਕੇ ਰਾਜੇ ਦੇ ਦਰਬਾਰ ਪਹੁੰਚ ਗਏ। ਰਾਜਾ ਬੜਾ ਹੈਰਾਨ ਹੋਇਆ ਤੇ ਉਸ ਨੇ ਉਹਨਾਂ ਪਖੰਡੀਆਂ ਦੀ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੱਤੀ। ਹੁਣ ਕੋਈ ਪਖੰਡੀ ਪੈਸੇ ’ਤੇ ਡੋਲ ਜਾਇਆ ਕਰੇ, ਕੋਈ ਖਾਣ-ਪੀਣ ’ਤੇ, ਕੋਈ ਮਹਿਲ ਮਾੜੀਆਂ ’ਤੇ… ਅੰਤ ਵਿਚ ਰਾਜਾ ਇਕ ਪ੍ਰੀਖਿਆ ਲੈਂਦਾ ਸੀ ਕਿ ਨਾਨਕ ਬਣ ਕੇ ਆਏ ਬੰਦੇ ਦੇ ਮੂਹਰੇ ਵੇਸਵਾਵਾਂ ਦਾ ਨਾਚ ਕਰਵਾਉਂਦਾ ਸੀ… ਤੇ ਤਕਰੀਬਨ ਸਾਰੇ ਪਖੰਡੀ ਹੀ ਉਹਨਾਂ ਵੇਸਵਾਵਾਂ ਦੀਆਂ ਅਦਾਵਾਂ ਦੇ ਸ਼ਿਕਾਰ ਬਣ ਜਾਂਦੇ ਸਨ।
ਇਕ ਦਿਨ ਸਚਮੁੱਚ ‘ਗੁਰੂ ਨਾਨਕ’ ਸਹਿਬ ਆ ਗਏ। ਹੁਣ ਰਾਜਾ ਤਾਂ ਉਹਨਾਂ ਨੂੰ ਪਛਾਣਦਾ ਨਹੀਂ ਸੀ। ਸੋ ਉਹਨਾਂ ਨੇ ਗੁਰੂ ਨਾਨਕ ਦੀ ਪ੍ਰੀਖਿਆ ਵੀ ਲੈਣੀ ਸ਼ੁਰੂ ਕਰ ਦਿੱਤੀ…… ਤੇ ਅੰਤ ਵਿਚ ਜਦੋਂ ਉਹੀ ਵੇਸਵਾਵਾਂ ਗੁਰੂ ਨਾਨਕ ਜੀ ਅੱਗੇ ਨੱਚੀਆਂ ਤਾਂ ਉਹ ਬੋਲੇ,
“ਗਾਛਹੁ ਪੁਤ੍ਰੀ ਰਾਜ ਕੁਆਰਿ॥ ਨਾਮੁ ਭਣਹੁ ਸਚੁ ਦੋਤੁ ਸਵਾਰਿ॥”
ਮਤਲਬ ਕਿ ‘ਛੱਡ ਦਿਓ ਮੇਰੀਓ ਧੀਓ ਇਹ ਸਭ ਕੁਝ’।
ਇਹ ਸੁਣ ਕੇ ਉਹ ਵੇਸਵਾਵਾਂ ਰੋਣ ਲੱਗ ਪਈਆਂ ਤੇ ਉੱਚੀ-ਉੱਚੀ ਬੋਲਣ ਲੱਗੀਆਂ, “ਇਹੀ ਗੁਰੂ ਨਾਨਕ ਹੈ, ਜ਼ਾਹਰ ਪੀਰ। ਸਾਨੂੰ ਸਾਡੇ ਮਾਪੇ ਆਪਣੀਆਂ ਧੀਆਂ ਨਹੀਂ ਮੰਨਦੇ, ਇਹੀ ਅਸਲੀ ਨਾਨਕ ਫਕੀਰ ਹੈ ਜੋ ਸਾਨੂੰ ਵੀ ਪੁੱਤਰੀਆਂ ਕਹਿੰਦਾ ਹੈ…”
ਮੀਤ ਲੋਰ ਵਿਚ ਹੀ ਕਹਾਣੀ ਸੁਣਾ ਰਿਹਾ ਸੀ, ਪਰ ਜਦੋਂ ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਰਾਜਵੰਤ ਜਾਰ-ਜਾਰ ਰੋ ਰਹੀ ਸੀ।
“ਹੈ ਮੇਰੀ ਕਮਲੀ ਭੈਣ… ਤੈਨੂੰ ਕੀ ਹੋ ਗਿਆ…”
“ਮੈਨੂੰ ਮਾਫ ਕਰਦਿਓ ਬਾਬਾ ਜੀ…” ਕਾਰ ਵਿਚ ਲੱਗੀ ਗੁਰੂ ਨਾਨਕ ਸਾਹਿਬ ਦੀ ਫੋਟੋ ਅੱਗੇ ਹੱਥ ਬੰਨ੍ਹ ਕੇ ਉਹ ਬੋਲੀ, “ਮੈਂ ਪਾਪਣ… ਮੈਨੂੰ ਮਾਫ ਕਰ ਦਈਂ ਵੀਰੇ…” ਹੁਣ ਉਸ ਦੇ ਹੱਥ ਮੀਤ ਵੱਲ ਹੋ ਗਏ। ਇੰਝ ਲੱਗਦਾ ਸੀ ਜਿਵੇਂ ਉਸ ਅੰਦਰ ਕਾਫੀ ਟੁੱਟ-ਭੱਜ ਹੋ ਰਹੀ ਸੀ। ਕੁਝ ਦੇਰ ਚੁੱਪ ਰਹਿਣ ਪਿੱਛੋਂ ਉਹ ਫੇਰ ਬੋਲੀ,
“ਵੀਰੇ ਕੀ ਆਪਾਂ ਮੇਰੀਆਂ ਸਹੇਲੀਆਂ ਨੂੰ ਵੀ ਏਸ ਗੰਦ ਵਿਚੋਂ ਕੱਢ ਸਕਦੇ ਆਂ…”
ਮੀਤ ਦੇ ਪੈਰ ਫੇਰ ਇਕਦਮ ਬਰੇਕ ’ਤੇ ਗਏ। ਗੱਡੀ ਰੁਕਦਿਆਂ ਹੀ ਉਹ ਬੋਲਿਆ, “ਕੀ…ਈ…ਈ… ਤੇਰੀਆਂ ਸਹੇਲੀਆਂ…? ਕੀ ਹੋਰ ਪੰਜਾਬਣ ਕੁੜੀਆਂ ਵੀ ਏਸ ਦਲਦਲ ਵਿਚ ਫਸੀਆਂ ਪਈਆਂ ਨੇ… ਹਾਏ ਓ ਮੇਰਿਆ ਰੱਬਾ… ਹੋਰ ਕਿੰਨੇ ਕੁ ਕਹਿਰ ਢਾਹੇਂਗਾ…”
“ਹਾਂ ਵੀਰੇ… ਮੇਰੇ ਗਰੁੱਪ ਦੀਆਂ ਤਕਰੀਬਨ ਸਾਰੀਆਂ ਕੁੜੀਆਂ ਹੀ… ਬਸ 50 ਵਿਚੋਂ 2 ਕੁ ਮੁੜੀਆਂ ਨੇ ਪੰਜਾਬ ਨੂੰ ਜਿਹੜੀਆਂ ਘਰੋਂ ਕੁਝ ਠੀਕ ਸਨ… ਬਾਕੀ… ਤੇ ਨਾਲੇ ਇਕੱਲੇ ਮੇਰੇ ਬੈਚ ਦੀਆਂ ਨਹੀਂ ਵੀਰੇ… ਸਟੱਡੀ ਵੀਜ਼ੇ ’ਤੇ ਆਉਣ ਵਾਲੀਆਂ ਕੁੜੀਆਂ ਵਿਚੋਂ ਬਹੁਤੀਆਂ ਏਸ ਗੰਦ ਵਿਚ ਹੀ ਧਸ ਜਾਂਦੀਆਂ ਨੇ…”
“ਹਾਏ ਓ ਰੱਬਾ… ਮੈਂ ਤਾਂ ਇਕ ਰਾਜਵੰਤ ਨੂੰ ਰੋਂਦਾ ਸੀ ਤੇ ਏਥੇ ਤਾਂ ਪਤਾ ਨਹੀਂ ਕਿੰਨੀਆਂ ਰਾਜਵੰਤਾਂ…” ਮੀਤ ਨੂੰ ਆਪਣਾ ਦਿਲ ਡੁੱਬ ਰਿਹਾ ਜਾਪਦਾ ਸੀ।
“ਕਿੱਥੇ ਨੇ ਉਹ… ਤੇਰੀਆਂ ਸਹੇਲੀਆਂ…”
“ਓਥੇ ਈ… ਮੇਰੇ ਤੋਂ ਪਿਛਲੀ ਗਲ਼ੀ ’ਚ…”
“ਖਬਰਦਾਰ ਜੇ ਅੱਗੇ ਤੋਂ ‘ਮੇਰੀ ਗਲ਼ੀ’ ਕਿਹਾ ਤਾਂ… ਮੈਥੋਂ ਬੁਰਾ ਕੋਈ ਨੀ ਫੇਰ… ਭੁੱਲ ਜਾ ਕਿ ਤੂੰ ਕਦੇ ਉਹਨਾਂ ਗਲ਼ੀਆਂ ’ਚ ਹੁੰਦੀ ਸੀ… ਮੈਂ ਤੈਨੂੰ ਘਰੇ ਛੱਡ ਕੇ ਓਧਰ ਜਾ ਕੇ ਆਉਂਗਾ…”
“ਪਰ ਵੀਰੇ ਮੈਂ ਤੇਰੇ ਨਾਲ ਚੱਲਦੀ ਆਂ… ਤੈਨੂੰ ਪਛਾਣ ਨੀ ਆਉਂਣੀ ਉਹਨਾਂ ਦੀ……”
“ਪਛਾਣ… ਤੇਰੀ ਪਛਾਣ ਮੈਨੂੰ ਕੀਹਨੇ ਕਰਾਈ ਸੀ… ਆਜੂਗੀ ਉਹਨਾਂ ਦੀ ਪਛਾਣ ਵੀ, ਜਿਵੇਂ ਤੇਰੀ ਆ ਗਈ ਸੀ… ਪਰ ਤੂੰ ਓਧਰ ਮੁੜਕੇ ਕਦੇ ਨੀ ਜਾਣਾ…”
ਰਾਜਵੰਤ ਨੂੰ ਘਰੇ ਛੱਡ ਕੇ ਮੀਤ ਫੇਰ ‘ਓਧਰ’ ਨੂੰ ਗਿਆ। ਜਦੋਂ ਉਹ ਰਾਜਵੰਤ ਦੀ ਦੱਸੀ ਗਲ਼ੀ ਵਿਚ ਪਹੁੰਚਿਆ ਤਾਂ ਸਚਮੁੱਚ ਉਸ ਦੀ ਚੀਕ ਨਿਕਲ ਗਈ… ਚੀਕ ਸੁਣ ਕੇ ਇਕ ਮੇਮ ਉਸ ਵੱਲ ਭੱਜੀ ਆਈ।
what happened... do you want something... we’ve punjabi girls for customers like you... very hot punjabi girls” ਤੇ ਮੇਮ ਖਚਰੀ ਜਹੀ ਹਾਸੀ ਹੱਸਣ ਲੱਗੀ। ਮੀਤ ਦੇ ਸੀਨੇ ਵਿਚ ਜਿਵੇਂ ਕਿਸੇ ਨੇ ਛੁਰਾ ਖਭੋ ਦਿੱਤਾ ਹੋਵੇ। ਉਸ ਨੂੰ ਇੰਜ ਲੱਗਿਆ ਜਿਵੇਂ ਪੰਜਾਬ ਦੀ ਅਣਖ ਤੇ ਗ਼ੈਰਤ ਦੇ ਮੂੰਹ ’ਤੇ ਉਸ ਮੇਮ ਨੇ ਚਪੇੜ ਮਾਰ ਦਿੱਤੀ ਹੋਵੇ…।
shut your mouth ਕਹਿ ਕੇ ਉਸ ਨੇ ਗੱਡੀ ਭਜਾ ਲਈ।
“…ਆਜਾ ਆਜਾ… ਕੋਈ ਨੀ… ਸ਼ੁਰੂ-ਸ਼ੁਰੂ ਵਿਚ ਈ ਡਰ ਜਿਹਾ ਲੱਗਦੈ… ਫੇਰ ਸਭ ਠੀਕ ਹੋ ਜਾਂਦੈ…” ਇਕ ਕੁੜੀ ਦੂਜੀ, ਜੀਹਦਾ ਸ਼ਾਇਦ ਅੱਜ ਪਹਿਲਾ ਦਿਨ ਸੀ, ਨੂੰ ‘ਸਮਝਾਉਂਦੀ’ ਜਾ ਰਹੀ ਸੀ।
ਪਰ੍ਹੇ ਇਕ ਗੋਰੇ ਨੇ ਇਕ ਕੁੜੀ ਦੀ ਚੁੰਨੀ ਲਾਹ ਕੇ ਸੜਕ ’ਤੇ ਵਗਾਹ ਮਾਰੀ ਤੇ ਕੁੜੀ ਨੂੰ ਗੱਡੀ ਵਿਚ ਬਿਠਾ ਕੇ ਲੈ ਗਿਆ। ਮੀਤ ਨੂੰ ਜਾਪਿਆ ਜਿਵੇਂ ਪੰਜਾਬੀਆਂ ਦੀ ਇੱਜ਼ਤ ਉਸ ਗੋਰੇ ਨੇ ਲੰਡਨ ਦੀ ਸੜਕ ’ਤੇ ਵਗਾਹ ਮਾਰੀ ਹੋਵੇ। ਉਸਦਾ ਜੀਅ ਕੀਤਾ ਕਿ ਭੱਜ ਕੇ ਚੁਮਨਿ ਚੁੱਕ ਲਵੇ… ਪਰ ਇਕਦਮ ਉਸਦਾ ਧਿਆਨ ਦੂਜੇ ਪਾਸੇ ਗਿਆ… ਇਕ ਹੋਰ ਕੁੜੀ ਇਕ ਕਾਰ ਨਾਲ ਲਮਕਦੀ ਆਉਂਦੀ ਸੀ,
ok sir ok... only twenty pounds... only twenty
“ਮੈਂ ਤਾਂ 10 ਪੌਂਡ ਦੇਣੇ ਐਂ… ਜੇ ਚਿੱਤ ਮੰਨਦੈ ਤਾਂ ਬਹਿ ਜਾ ਨਹੀਂ ਤਾਂ ਹੋਰ ਬਥੇਰੀਆਂ ਖੜ੍ਹੀਆਂ ਨੇ…” ਖ੍ਰੀਦਾਰ ਦੇ ਮੂੰਹੋਂ ਨਿਕਲੀ ਪੰਜਾਬੀ ਨੇ ਜਿਵੇਂ ਮੀਤ ਦੇ ਕਾਲਜਿਓਂ ਰੁੱਗ ਭਰ ਲਿਆ ਸੀ। ਕੁੜੀ ਵਿਚਾਰੀ ਮੋਸਸੇ ਜਹੇ ਮਨ ਨਾਲ ਬਾਰੀ ਖੋਲ੍ਹ ਕੇ ਅੰਦਰ ਬਹਿ ਗਈ। ਅੰਦਰ ਇਕ ਲੰਮੇ ਦਾਹੜੇ ਤੇ ਪੇਚਾਂ ਵਾਲੀ ਪੱਗ ਵਾਲਾ ‘ਸਰਦਾਰ’ ਬੈਠਾ ਸੀ।
little bit more baby...”
ਜਦੇ ਮੀਤ ਨੂੰ ਇਕ ਹੋਰ ਆਵਾਜ਼ ਸੁਣਾਈ ਦਿੱਤੀ। ਇਕ ਗੋਰਾ ਕੁੜੀ ਨੂੰ ਪੌਂਡ ਵਿਖਾਉਂਦਾ ਹੋਇਆ ਬੋਲ ਰਿਹਾ ਸੀ ਤੇ ਕੁੜੀ ਦੇ ਕੱਪੜੇ ਹੌਲੀ-ਹੌਲੀ ਉਤਾਂਹ ਹੋ ਰਹੇ ਸਨ।
ਜਿੰਨਾਂ ਚਿਰ ਮੀਤ ਏਥੇ ਖੜ੍ਹਾ ਰਿਹਾ ਓਨਾ ਚਿਰ ਉਸ ਨੂੰ ਇੰਜ ਲੱਗਦਾ ਰਿਹਾ ਜਿਵੇਂ ਕੋਈ ਭਾਰੇ ਹਥੌੜੇ ਨਾਲ ਉਸ ਦੇ ਸਿਰ ਵਿਚ ਮੇਖਾਂ ਠੋਕ ਰਿਹਾ ਹੋਵੇ। ਉਹ ਹੋਰ ਨਹੀਂ ਸਹਾਰ ਸਕਦਾ ਸੀ। ਉਸ ਨੇ ਉਥੋਂ ਗੱਡੀ ਭਜਾ ਲਈ। ਅੱਗੇ ਇਕ ਚੌਂਕ ਵਿਚ ਕਈ ਪੰਜਾਬੀ ਮੁੰਡੇ ਇਕ ਕਾਰ ਦੇ ਦੁਆਲੇ ਖੜ੍ਹੇ ਸਨ। ਹੱਥਾਂ ਵਿਚ ਉਹਨਾਂ ਦੇ ਰੋਟੀ ਵਾਲੇ ਡੱਬੇ ਸਨ। ਆਵਾਜ਼ਾਂ ਆ ਰਹੀਆਂ ਸਨ,
ten pounds... ok ok... only five pounds...”
ਲੱਗਦਾ ਸੀ ਜਿਵੇਂ ਕਾਰ ਵਾਲੇ ਨੂੰ ਮਜ਼ਦੂਰ ਦੀ ਤਲਾਸ਼ ਸੀ ਤੇ ਇਹ ਸਾਰੇ ਉਸ ਨਾਲ ਜਾਣਾ ਚਾਹੁੰਦੇ ਸਨ ਤੇ ਆਪਣੀ ਬੋਲੀ ਲਾ ਰਹੇ ਸਨ। ਇਹਨਾਂ ਨੂੰ ਵੇਖ ਕੇ ਮੀਤ ਨੂੰ ਕਿਤੋਂ ਪੜ੍ਹੀ ਇਕ ਗੱਲ ਚੇਤੇ ਆ ਰਹੀ ਸੀ,
“……ਇਹ ਮਹਾਰਾਜਾ ਦਲੀਪ ਸਿੰਘ ਦੀ ਕਲਗੀਂ ਦੇ ਮੋਤੀ ਨੇ… ਇਹਨਾਂ ਦਾ ਆਪਣਾ ਕੋਈ ਦੇਸ਼ ਨਹੀਂ… ਇਹਨਾਂ ਦਾ ਆਪਣਾ ਕੋਈ ਘਰ ਨਹੀਂ… ਇਸੇ ਲਈ ਇਹ ਬਿਗਾਨੇਂ ਦਰਾਂ ’ਤੇ ਠੋਕਰਾਂ, ਧੱਕੇ ਖਾਂਦੇ ਫਿਰਦੇ ਨੇ ਤਾਂ ਕਿ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਭਰ ਸਕਣ…।”
ਮੀਤ ਨੇ ਫਿਰ ਗੱਡੀ ਭਜਾ ਲਈ ਤੇ ਐਤਕੀਂ ਇਹ ਹੀਥਰੋ ਹਵਾਈ ਅੱਡੇ ’ਤੇ ਆ ਕੇ ਰੁਕੀ।
ਕਈ ਪੰਜਾਬੀ ਮੁੰਡੇ ਕੁੜੀਆਂ ਬੈਗ ਘੜੀਸੀ ਹਵਾਈ ਅੱਡੇ ਤੋਂ ਬਾਹਰ ਆ ਰਹੇ ਸਨ। ਉਹਨਾਂ ਨੂੰ ਵੇਖ ਕੇ ਮੀਤ ਬਾਵਰਿਆਂ ਵਾਂਗ ਉੱਚੀ-ਉੱਚੀ ਬੋਲਣ ਲੱਗ ਪਿਆ,
“ਮੁੜ ਜਾਓ ਨੀ ਮੇਰੀਓ ਭੈਣੋਂ ਆਪਣੇ ਦਰਾਂ ਨੂੰ… ਮੁੜ ਜਾਓ ਜੇ ਇੱਜ਼ਤਾਂ ਪਿਆਰੀਆਂ ਨੇ ਤਾਂ… ਮੁੜ ਜਾਓ ਥੋਨੂੰ ਅਣਖੀਂ ਪੰਜਾਬ ਦਾ ਵਾਸਤਾ…” ਮੀਤ ਨੂੰ ਅਣਸੁਣਿਆਂ ਕਰਕੇ ਇਹ ਸਾਰੇ ਅੱਗੇ ਲੰਘ ਗਏ। ਕੁਝ ਕੁ ਅੱਗੇ ਜਾ ਕੇ ਇਕ ਦੂਜੇ ਨੂੰ ਕਹਿਣ ਲੱਗੇ, “ਐਵੇਂ ਭੌਕੀ ਜਾਂਦੈ ਕਮਲਿਆਂ ਵਾਂਗੂ… ਸਾਨੂੰ ਕਾਲਜਾਂ ਵਾਲੇ ਉਡੀਕਦੇ ਹੋਣਗੇ… ਸਾਡੇ ਹੋਸਟਲਾਂ ਵਾਲੇ ਸਾਨੂੰ ਲੱਭਦੇ ਫਿਰਦੇ ਹੋਣਗੇ…।”
ਕੁੜੀਆਂ ਇਕ ਦੂਜੀ ਨਾਲ ਗੱਲਾਂ ਕਰ ਰਹੀਆਂ ਸਨ, “ਗੁਰਜੀਤ, ਤੇਰੇ ਰਿਸ਼ਤੇਦਾਰਾਂ ਨੇ ਤੈਨੂੰ ਚੰਗੀ ਨੌਕਰੀ ਦਿਵਾ ਦੇਣੀ ਐਂ… ਵੇਖੀਂ ਕਿਤੇ ਸਾਨੂੰ ਭੁੱਲ ਨਾ ਜਾਈਂ…”
“ਲੈ ਨੌਕਰੀਆਂ ਬਥੇਰੀਐਂ ਏਥੇ… ਸਭ ਨੂੰ ਮਿਲ ਜਾਣਗੀਆਂ ਚੰਗੀਆਂ ਨੌਕਰੀਆਂ… ਮੇਰੇ ‘ਆਂਟੀ’ ਕਹਿੰਦੇ ਸੀ ਕਿ ‘ਕੰਮ’ ਬਹੁਤ ਐ ਏਥੇ… ਉਹ ਮੈਨੂੰ ਲੈਣ ਆਉਣ ਵਾਲੇ ਸਨ ਪਰ ਦਿਸਦੇ ਨਹੀਂ ਕਿਤੇ…”
ਸ਼ਾਇਦ ਇਹਨਾਂ ਕੁੜੀਆਂ ਨੂੰ ਪਤਾ ਨਹੀਂ ਸੀ ਲੰਡਨ ਦੀਆਂ ਉਹੀ ਬਦਨਾਮ ਗਲ਼ੀਆਂ ਹੁਣ ਇਹਨਾਂ ਨੂੰ ਉਡੀਕ ਰਹੀਆਂ ਸਨ।
ਮੀਤ ਅਜੇ ਵੀ ਓਵੇਂ ਬੋਲ ਰਿਹਾ ਸੀ,
“ਹਾੜਾ ਵੇ ਮਾਪਿਓ… ਆਪਣੀਆਂ ਅਣਖਾਂ ਇੱਜ਼ਤਾਂ ਦਾ ਖਿਆਲ ਕਰੋ… ਏਨੇ ਬੇਗ਼ੈਰਤ ਨਾ ਬਣੋ… ਧੀਆਂ, ਘਰਾਂ ਦੀਆਂ ਇੱਜ਼ਤਾਂ… ਇੰਜ ਇਕੱਲੀਆਂ ਵਿਦੇਸ਼ੀਂ ਰੁਲਣ ਨਾ ਭੇਜੋ… ਹਾੜਾ ਮਾਪਿਓ ਵਾਸਤਾ ਥੋਨੂੰ ਅਣਖੀ ਪੰਜਾਬ ਦਾ…”
ਰਾਜਵੰਤ ਨੂੰ ਕਮਰੇ ਵਿਚ ਬੈਠੀ ਨੂੰ ਮਾਂ ਦੀ ਯਾਦ ਆ ਰਹੀ ਸੀ। ਦਿੱਲੀ ਹਵਾਈ ਅੱਡੇ ’ਤੇ ਤੁਰਨ ਲੱਗੀ ਨੂੰ ਮਾਂ ਨੇ ਸਮਝਾਇਆ ਸੀ,
“ਵੇਖੀ ਧੀਏ ਬਾਪ ਦੀ ਇੱਜ਼ਤ ਦਾ ਖਿਆਲ ਰੱਖੀਂ… ਜਵਾਨ ਧੀ ਖੁੱਲੀ ਤਿਜ਼ੋਰੀ ਵਾਂਗ ਹੁੰਦੀ ਐ ਪੁੱਤ… ਮੇਰਾ ਤਾਂ ਦਿਲ ਡੁੱਬਦੈ ਤੈਨੂੰ ’ਕੱਲੀ ਨੂੰ ਤੋਰ ਕੇ… ਪਰ ਹੋਰ ਕੋਈ ਅੱਗਾ ਦਿਸਦਾ ਵੀ ਨਈਂ ਨਾ… ਵੇਖੀ ਮੇਰੀ ਰਾਣੀ ਧੀ ਕੋਈ ਹੀਮ-ਕੀਮ ਨਾ ਹੋ ਜਾਏ… ਇੱਜ਼ਤ ਤੋਂ ਵੱਡੀ ਕੋਈ ਚੀਜ਼ ਨੀ ਰਾਜੋ… ਜੇ ਕੋਈ ਐਸੀ ਬਿਪਤਾ ਪੈ ਗਈ ਤਾਂ ਧੀਏ ਖੂਹ ’ਚ ਛਾਲ ਮਾਰ ਦੇਈਂ ਪਰ……”
Spl Thanks to
ਜਗਦੀਪ ਸਿੰਘ ਫਰੀਦਕੋਟ

2 comments:

Save Sikhism said...

Aj de naujwaan munde kuriyaan jo bahar ja rahe ne, bina kuj soche samjhe....
eh ohna lyi hai, but eh sach hai..

Unknown said...

Waheguru ji ka khalsa Waheguru ji ki fateh 🙏